ਸੀਨੇ ਚੋਂ ਲੈ ਕੇ ਅਗਨੀ ਕਾਇਆ ਚੋਂ ਢਾਲ ਦੀਵੇ
ਪਾ ਪਾ ਕੇ ਰੱਤ ਅਪਣੀ ਦੁਨੀਆਂ 'ਚ ਬਾਲ ਦੀਵੇ
ਸ਼ੁਭ ਕਰਮ ਤੇਰੇ ਦੀਵੇ, ਪਾਵਨ ਖ਼ਿਆਲ ਦੀਵੇ
ਤੇਰੇ ਮਨ 'ਚ ਜੋਤ ਜਗਦੀ ਬਾਹਰੋਂ ਨ ਭਾਲ ਦੀਵੇ
ਸੰਜੋਗ, ਹੁਸਨ, ਹਸਤੀ, ਬਿਰਹਾ, ਵੈਰਾਗ, ਮਸਤੀ
ਤੇਰੀ ਨਦਰ ਨਾਲ ਜਗਦੇ ਕਿੰਨੇ ਕਮਾਲ ਦੀਵੇ
ਜਗਣਾ ਜੋ ਭੁਲ ਗਏ ਨੇ ਮਿੱਟੀ 'ਚ ਰੁਲ ਗਏ ਨੇ
ਕਰਦੇ ਉਨ੍ਹਾਂ ਨੂੰ ਰੌਸ਼ਨ, ਡਿੱਗੇ ਉਠਾਲ ਦੀਵੇ
ਜਿਹਨਾਂ ਦਾ ਕਰਮ ਬਲਣਾ ਜਿਹਨਾਂ ਦਾ ਧਰਮ ਜਗਣਾ
ਕਰਦੇ ਹਨ੍ਹੇਰਿਆਂ ਦਾ ਕਦ ਨੇ ਮਲਾਲ ਦੀਵੇ
ਸ਼ਿੱਦਤ, ਹੁਨਰ, ਵਫ਼ਾ ਦੇ, ਸੱਚ, ਸਿਦਕ, ਆਸਥਾ ਦੇ
ਮੇਰੇ ਸਫ਼ਰ 'ਚ ਤੁਰਦੇ ਮੇਰੇ ਨਾਲ ਨਾਲ ਦੀਵੇ