ਸੀਤ ਲਹਿਰ ਹੈ

ਸੀਤ ਲਹਿਰ ਹੈ

ਨਿੱਘਿਆਂ ਜਜ਼ਬਿਆਂ ਵਾਲਿਉ ਮਿੱਤਰੋ

ਆਪਣੇ ਸ਼ਹਿਰ 'ਚ ਅਜ ਕਲ ਸੀਤ ਲਹਿਰ ਹੈ।

ਮੋੜਾਂ ਅਤੇ ਚੁਰਾਹਿਆਂ ਉੱਤੇ ਸ਼ਹਿ ਲਾ ਬਹਿੰਦੀ 

ਘਰ ਘਰ ਅੱਗੇ ਸੂਹਾਂ ਲੈਂਦੀ

ਗਲੀਆਂ ਕੂਚੇ ਬਾਜ਼ਾਰਾਂ ਦੇ ਚੱਕਰ ਕਟਦੀ 

ਕਈ ਦਿਨਾਂ ਤੋਂ ਸੂਰਜ ਲੁਕਿਆ 

ਤਿੱਤਰ ਖੰਭੀ ਬੱਦਲਵਾਈ

ਨਾ ਵਰ੍ਹਦੀ ਨਾ ਛਟਦੀ।

ਧੁੱਪ ਦੇ ਲਈ ਤਰਸਦੇ

ਤੇ ਫੁੱਲਾਂ ਦੀ ਮਹਿਕ ਭਾਲਦੇ ਮਿੱਤਰੋ

ਅਜੇ ਤਾਂ ਬੱਚੇ ਬਾਗ਼ ਬਗ਼ੀਚੇ ਚੁਰੜ ਮੁਰੜ ਪੱਤੇ ਕਕਰਾਏ

ਧੁੱਪੋਂ ਵਿਰਵੇ ਫੁਲ ਮੁਰਝਾਏ।

ਇਸ ਮੌਸਮ ਵਿਚ

ਆਪੋ ਆਪਣੇ ਘਰ ਦੇ

ਕਰਕੇ ਬੰਦ ਬਾਰੀਆਂ ਬੂਹੇ

ਖਿੱਚਕੇ ਪਰਦੇ

ਅੰਦਰ ਵੜਕੇ ਬੈਠੋ

ਆਪਣੀ ਆਪਣੀ ਸੋਚ ਕਾਂਗੜੀ ਮਘਦੀ ਰੱਖੋ।

📝 ਸੋਧ ਲਈ ਭੇਜੋ