ਸਹਿਜ ਭਾਵੀ ਜਾਂ ਉਤੇਜਕ ਸੋਚਦੈ।
ਹਰ ਕੋਈ ਬਸ ਖ਼ੁਦ ਮੁਤਾਬਕ ਸੋਚਦੈ।
ਕਰਫ਼ਿਊ ਦੌਰਾਨ ਰੌਣਕ ਭਾਲਦੈ,
ਅਜਬ ਹੈ ਉਹ ਸ਼ਖਸ ਰੌਚਕ ਸੋਚਦੈ ।
ਬਾਜ਼ ਨੂੰ ਲਾਈ ਸੂ ਕਲਗੀ ਮੋਰ ਦੀ,
ਹਾਇ ! ਉਹ ਕਿੰਨਾਂ ਰੁਮਾਂਟਿਕ ਸੋਚਦੈ ।
ਇਹ ਦ੍ਰਿਸ਼ਟੀ ਮਾਰ ਹੈ ਇੱਕ ਫੂਕ ਦੀ,
ਵਕਤ ਦਾ ਮਗਰੂਰ ਬਾਸ਼ਕ ਸੋਚਦੈ ।
ਵਾਵਰੋਲੇ ਦੀ ਦਿਸ਼ਾ ਕਿਹੜੀ ਕਹਾਂ,
ਗੇੜ ਖਾਂਦਾ ਪੌਣ-ਸੂਚਕ ਸੋਚਦੈ ।
ਤੇਰੇ ਦੀਵਾਨੇ ਦਾ ਦਿਲ ਕਿੱਥੇ ਗਿਆ,
ਇਹ ਵੀ ਹੁਣ ਆਪਣੀ ਖ਼ੁਦੀ ਤੱਕ ਸੋਚਦੈ।
ਲਿਖ ਦਿਉ 'ਕੇਸ਼ੀ' ਨੂੰ ਵੀ ਗ਼ੈਰਾਂ 'ਚ ਹੁਣ,
ਹਾਕਮਾਂ ਵਾਂਗਰ ਇਹ ਘਾਤਕ ਸੋਚਦੈ ।