ਸਹਿਮੇ ਪੱਤਿਆਂ ਦੀ ਗੂੰਗੀ ਸਰਸਰ ਨੂੰ ਕੀ ਆਖੋਗੇ ?
ਵਿਲਕ ਪਈ ਖਾਮੋਸ਼ੀ ਜੇ ਕਰ ਤਾਂ ਸਵਰ ਨੂੰ ਕੀ ਆਖੋਗੇ ?
ਜਾਗਦੀਆਂ ਸੋਚਾਂ ਤੇ ਐਵੇਂ ਪਹਿਰਾ ਲਾਈ ਰੱਖਦੇ ਹੋ,
ਪਹਿਰੇ ਨੂੰ ਜਦ ਨੀਂਦਰ ਆਈ ਨੀਂਦਰ ਨੂੰ ਕੀ ਆਖੋਗੇ ?
ਜਦ ਖ਼ਾਬਾਂ ਦੀਆਂ ਝੀਲਾਂ ਅੰਦਰ ਤੁਸੀਂ ਨਹਾ ਕੇ ਪਰਤੋਗੇ,
ਮੇਰੀ ਅੱਖ ਵਿੱਚ ਪੱਥਰ ਹੋਈ ਅੱਥਰ ਨੂੰ ਕੀ ਆਖੋਗੇ ?
ਕੰਧਾਂ, ਛੱਤਾਂ, ਚਾਰਦੀਵਾਰੀ ਨੂੰ ਹੀ ਤਾਂ ਘਰ ਕਹਿੰਦੇ ਹੋ,
ਕੰਧਾਂ ਛੱਤਾਂ ਤੋਂ ਜੋ ਵਿਰਵਾ, ਉਸ ਘਰ ਨੂੰ ਕੀ ਆਖੋਗੇ ?
ਸਾਡੇ ਘਰ ਦਾ ਭੇਤ ਲਿਜਾ ਕੇ ਗ਼ੈਰਾਂ ਨੂੰ ਜੋ ਦੇਂਦਾ ਹੈ,
ਐ ਮਿੱਤਰ ਜੀ ਦੱਸੋ ਐਸੇ ਮਿੱਤਰ ਨੂੰ ਕੀ ਆਖੋਗੇ ?
ਸਾਰੀ ਗਾਥਾ ਵਿੱਚ ਹੀ ਜਿਸ ਨੇ ਕਾਲੀ ਸੋਚ ਹੰਢਾਈ ਹੈ,
ਬੰਦਾ ਜੇ ਨਾ ਆਖੋਗੇ ਉਸ ਪਾਤਰ ਨੂੰ ਕੀ ਆਖੋਗੇ ?
ਆਪਣੀ ਉਂਗਲੀ ਦੇ ਫੱਟ ਦੀ ਰੱਤ ਆਪਣਾ ਹੀ ਮੂੰਹ ਚੂਸੇ ਜਾਂ,
'ਕੇਸ਼ੀ' ਨੂੰ ਇਹ ਦੱਸੋ ਐਸੇ ਮੰਜ਼ਰ ਨੂੰ ਕੀ ਆਖੋਗੇ ?