ਵਰ੍ਹ ਕੇ ਬੱਦਲ ਛਟ ਗਏ ਨੇ, ਧਰਤ ਗਿੱਲੀ, 

ਚੰਨ ਦੇ ਮੁਖ ’ਤੇ ਪਿਲੱਤਣ ਰਾਤ ਹੈ ਪਿੱਲੀ।

ਪਾਇਆ ਦਿਲ ਦੇ ਦਰਦ ਨੇ ਹੈ ਜ਼ੋਰ ਡਾਹਡਾ 

ਜੋ ਪਲੋ ਪਲ ਹੋ ਰਿਹਾ ਹੈ ਹੋਰ ਵੀ ਡਾਹਡਾ।

ਖ਼ੁਸ਼ਕ ਬੁਲ੍ਹੀ ਲੈ ਕੇ ਨਗ਼ਮੇ ਪੀੜ-ਭੱਜੇ 

ਚੁੱਭਦੇ ਕੰਕਰ ਨਾ ਸੀਨੇ ਜਾਣ ਕੱਜੇ,

ਗਿਆ ਹਾਂ ਫੇਰ ਅੱਜ ਤੇਰੇ ਦਵਾਰੇ, 

ਤੂੰ ਪਰੀ-ਖ਼ਾਬਾਂ ਦੇ ਲੈਂਦੀ ਏਂ ਹੁਲਾਰੇ।

ਤੇਰੇ ਦਰ ਨੇ ਹੈ ਕਦੋਂ ਤਕ ਬੰਦ ਰਹਿਣਾ? 

ਜਿੰਦ ਨੇ ਕਿੰਨਾ ਕੁ ਚਿਰ ਸੰਤਾਪ ਸਹਿਣਾ?

ਜਾਗ ਕਿ ਤੇਰੇ ਇਹ ਰੰਗਲੇ ਖ਼ਾਬ ਊਣੇ, 

ਭਟਕਦੇ ਮੇਰੇ ਇਹ ਜਗਰਾਤੇ ਨਗੂਣੇ,

ਝੋਲ ਖ਼ਾਬਾਂ ਦੀ 'ਚ ਜਗਰਾਤੇ ਵੀ ਪਾ ਦੇ

ਜਾਗ ਨੂੰ ਖ਼ਾਬਾਂ ਜਹੀ ਮਸਤੀ ਬਣਾ ਦੇ।

ਵਰ ਕੇ ਬੱਦਲ ਛਟ ਗਏ ਨੇ, ਧਰਤ ਗਿੱਲੀ, 

ਚੰਨ ਦੇ ਮੁਖ ਤੇ ਪਿਲਤੱਣ ਰਾਤ ਹੈ ਪਿੱਲੀ।

📝 ਸੋਧ ਲਈ ਭੇਜੋ