ਸ਼ਾਲਾ! ਕਦੇ ਨਾ ਵੇਖਾਂ ਉਹਨੂੰ

ਸ਼ਾਲਾ! ਕਦੇ ਨਾ ਵੇਖਾਂ ਉਹਨੂੰ, ਲੱਗਦੀਆਂ ਤੱਤੀਆਂ ਵਾਵਾਂ,

ਜਿਹੜੀ ਸੂਰਤ ਬਣ ਗਈ ਮੇਰੀਆਂ, ਨਜ਼ਮਾਂ ਦਾ ਸਿਰਨਾਵਾਂ

ਖ਼ਬਰੈ ਕਿਉਂ ਨੇ ਮੇਰੇ ਦਿਲ ਨੂੰ, ਵਹਿਮਾਂ ਦੇ ਜਿੰਨ ਚਿੰਬੜੇ,

'ਅੱਲ੍ਹਾ' ਜਾਣੇ ਲੰਘ ਆਇਆ ਸਾਂ, ਕਿੱਥੇ ਪੱਕੀਆਂ ਥਾਵਾਂ

ਆਪਣੇ ਬਣਦੇ ਸੁਖ ਵਿਚ ਸਾਂਝੀ, ਦਰਦ ਪਰਾਏ ਵੰਡਣ,

ਧੁੱਪਾਂ ਜੁੱਸੇ ਠਾਰਣ ਪਈਆਂ, ਤੱਤੀਆਂ ਲੱਗਣ ਛਾਵਾਂ

ਉਹਦੀਆਂ ਯਾਦਾਂ ਜਦ ਵੀ ਆਵਣ, ਇਕਲਾਪਾ ਜਦ ਡੰਗੇ,

ਆਪਣੀਆਂ ਬਾਹਵਾਂ ਨੂੰ ਮੈਂ ਆਪਣੇ ਗ਼ਮ ਦਾ ਹਾਰ ਬਣਾਵਾਂ

ਚੂੜੀ ਭੰਨ ਕੇ ਪਿਆਰ ਕਿਸੇ ਦਾ, ਕੋਈ ਨਾ ਅੱਜ ਕਢੇਂਦੀ,

ਨਾ ਕੋਈ ਚੂਰੀ ਪਾਉਂਦੀ ਅੱਜ ਬਨੇਰੇ ਬੈਠਿਆਂ ਕਾਵਾਂ

ਮੇਰੀ ਰਾਹ ਵਿਚ ਉਸੇ ਨੇ ਹਨ, ਕੰਡੇ ਅੱਜ ਖਿਲਾਰੇ,

ਜਿਸ ਦੀ ਖ਼ਾਤਰ ਮੈਂ ਆਪਣੇ ਗਲ ਪਾਈਆਂ ਲੱਖ ਬਲਾਵਾਂ

ਮੇਰੇ ਘਰ ਵਿਚ ਹਰ ਸ਼ੈ ਵਾਧੂ, 'ਜ਼ਖ਼ਮੀ' ਥੋੜ ਨਾ ਕੋਈ,

ਸੱਕਾਂ, ਸੱਧਰਾਂ, ਆਸਾਂ, ਰੀਝਾਂ, ਹੰਝੂ, ਹੌਕੇ, ਹਾਵਾਂ

📝 ਸੋਧ ਲਈ ਭੇਜੋ