ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ
ਛੈਲ ਛਬੀਲੇ ਤੇ ਅਣਖੀਲੇ ਪੁੱਤਰ ਇਹ ਪੰਜ ਆਬਾਂ ਦੇ.... ।
ਇੱਕੋ ਮਾਂ ਦੇ ਜਾਏ ਇਹ ਹਮਸਾਏ ਨੇ
ਭਾਵੇਂ ਵੱਖ਼ ਵੱਖ਼ ਥਾਂਈਂ ਡੇਰੇ ਲਾਏ ਨੇ
ਇਹ ਖੁਸ਼ਬੋਈਆਂ ਵੰਡਣ ਲਈ ਹੀ ਆਏ ਨੇ
ਮਹਿਕਾਂ ਦੇ ਵਣਜਾਰੇ ਜਿੱਦਾਂ ਹੁੰਦੇ ਫੁੱਲ ਗੁਲਾਬਾਂ ਦੇ
ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ...
ਜਦੋਂ ਸਿਕੰਦਰ ਕੋਈ ਬਣਦਾ ਇਹ ਪੋਰਸ ਬਣ ਜਾਂਦੇ ਨੇ
ਦੁੱਲੇ ਸ਼ੇਰ ਪੰਜਾਬੀ ਬਣਕੇ ਆਪਣੀ ਅਣਖ ਬਚਾਉਂਦੇ ਨੇ
ਊਧਮ ' ਸਿੰਘ ਮੁਹੰਮਦ ' ਬਣ ਵੈਰੀ ਨੂੰ ਮਾਰ ਮੁਕਾਉਂਦੇ ਨੇ
ਨਿੱਤ ਮੁਹਿੰਮਾਂ ਇਹਨਾਂ ਨੂੰ ਤੇ ਸਦਾ ਹੀ ਪੈਰ ਰਕਾਬਾਂ ਤੇ
ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ...
ਇਹ ਪ੍ਰੀਤਾਂ ਦੀਆਂ ਰੀਤਾਂ ਵਾਲ਼ੇ ਬੇਪਰਵਾਹ ਅਲਬੇਲੇ
ਭੰਗੜੇ ਲੁੱਡੀਆਂ ਝੂਮਰ ਪਾਉਂਦੇ ਰੱਬ ਇਹਨਾਂ ਨਾਲ਼ ਖੇਲੇ
ਗੁਰੂਆਂ ਪੀਰ ਫ਼ਕੀਰਾਂ ਦੇ ਇਹ ਰਲ਼ਮਿਲ਼ ਲਾਉਂਦੇ ਮੇਲੇ
ਕਿਰਤ ਕਰੇਂਦੇ ਸ਼ੁਕਰ ਮਨਾਉਂਦੇ ਰੱਖਦੇ ਸ਼ੌਕ ਨਵਾਬਾਂ ਦੇ
ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ...
ਸਾਂਝੀ ਮਾਂ-ਬੋਲੀ ਦੇ ਪੁੱਤਰ ਇਹ ਪੰਜਾਬੀ ਸਾਰੇ ਨੇ
ਚਿਸ਼ਤੀ ਨਾਨਕ ਬਾਹੂ ਬੁੱਲ੍ਹਾ ਰੌਸ਼ਨ ਉੱਚ ਮੁਨਾਰੇ ਨੇ
ਸੱਤ ਸਮੁੰਦਰ ਪਾਰ ਤੀਕ ਵੀ ਇਹਨਾਂ ਦੇ ਪਾਸਾਰੇ ਨੇ
ਲੰਮੀਆਂ ਖ਼ੂਬ ਉਡਾਨਾਂ ਭਰਦੇ ਝੁੰਡ ਜਿਵੇਂ ਸੁਰਖ਼ਾਬਾਂ ਦੇ
ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ...
ਸ਼ਾਲਾ ਵੱਸਦੇ ਰਹਿਣ ਪੰਜਾਬੀ ਜਿੱਥੇ ਵੀ ਉਹ ਵੱਸਦੇ ਨੇ
ਹੱਸਦੇ ਰਹਿਣ ਸਦਾ ਹੀ ਜੀਕਣ ਖਿੜਦੇ ਹੋਏ ਫੁੱਲ ਹੱਸਦੇ ਨੇ
ਐਪਰ ਰਹਿਣ ਸਦਾ ਮਿਲ਼ਜੁਲ਼ ਕੇ ਮਾਂ ਜਾਏ ਜਿਉਂ ਵੱਸਦੇ ਨੇ
ਤਕਸੀਮਾਂ ਦੇ ਨਾਲ਼ ਸਦਾ ਹੀ ਪਏ ਨੇ ਪੇਸ਼ ਅਜ਼ਾਬਾਂ ਦੇ
ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ...।