ਮਰੀਆਂ ਮਰੀਆਂ ਛਾਵਾਂ 

ਕਿਸ ਸ਼ੋਹਦੀ ਨੂੰ ਵਾਜਾਂ ਮਾਰਾਂ 

ਕਿਸ ਨੂੰ ਝੂਣ ਜਗਾਵਾਂ

ਗੋਸ਼ੇ ਬਹਿ ਕੇ ਕਰਨ ਸਲਾਹਾਂ 

ਛਾਵਾਂ ਤੇ ਪਰਛਾਵਾਂ

ਸਾਨੂੰ ਛਡ ਕੇ ਕਿੱਧਰ ਗਈਆਂ 

ਸਾਡੀਆਂ ਔਂਤਰ ਮਾਵਾਂ 

ਬਿਨ ਜੰਮਿਆਂ ਅਸੀਂ ਮੋਏ 

ਸਾਡਾ ਕੋਈ ਨਾਂ ਸਿਰਨਾਵਾਂ

ਸੋਹਣੀ ਸੂਹੀ ਜਿੰਦ ਮਰੇ ਤਾਂ 

ਵੈਣ ਸੁਲਗਦਾ ਪਾਵਾਂ 

ਮਰਦ ਮਰੇ ਤਾਂ ਸੋਹਣੀ ਸੁੱਚੀ 

ਉਸਦੀ ਵਾਰ ਸੁਣਾਵਾਂ 

ਖੁਸਰੇ ਤੋਂ ਵਧ ਜੂਣ ਨਿਗੂਣੀ 

ਭੋਗੇ ਇਹ ਪਰਛਾਵਾਂ

ਛਾਵਾਂ ਰਚ ਕੇ ਕਿੱਥੇ ਬੈਠੇ 

ਆਪਣੀਆਂ ਛਾਵਾਂ ਵਾਲੇ 

ਬਿਨ ਕਲਬੂਤੋਂ ਰੂਹਾਂ 

ਮਿੱਟੀ ਵਿਚੋਂ ਕੌਣ ਉਠਾਲੇ 

ਬਿਨ ਕੰਗਰੋੜੋਂ ਕਾਇਆ ਦਾ ਦੁਖ 

ਕੀਕਣ ਆਖ ਸੁਣਾਵਾਂ

ਫਣੀਅਰ 'ਚੋਂ ਫਣ ਬੰਦੇ 'ਚੋਂ ਕਣ 

ਜੇ ਕਿਧਰੇ ਉਡ ਜਾਵੇ 

ਐਸੀ ਰਾਤ ਪਵੇ ਕਿ ਸੂਰਜ 

ਫੇਰ ਫੇਰਾ ਪਾਵੇ 

ਏਸ ਬਿਸੂਰਜ ਅੰਬਰ ਹੇਠਾਂ 

ਕੀ ਰੋਵਾਂ ਕੀ ਗਾਵਾਂ ?

ਮਰੀਆਂ ਮਰੀਆਂ ਛਾਵਾਂ 

ਕਿਸ ਸ਼ੋਹਦੀ ਨੂੰ ਵਾਜਾਂ ਮਾਰਾਂ

ਕਿਸ ਨੂੰ ਝੂਣ ਜਗਾਵਾਂ

📝 ਸੋਧ ਲਈ ਭੇਜੋ