ਮੈ ਸ਼ਬਦਾਂ ਦੇ ਸਾਗਰ  ਚ ਗੋਤੇ ਲਗਾਵਾਂ

ਤੇ ਲਭ ਲਭਕੇ ਸ਼ਬਦਾਂ ਨੂੰ ਝੋਲੀ ਪਾਵਾਂ

ਸ਼ਬਦ ਮਾਣਕ ਮੋਤੀ ਸ਼ਬਦ ਹੀਰੇ ਪੰਨੇ

ਮੈੰ ਸ਼ਬਦਾਂ ਨੂੰ ਸ਼ਬਦਾਂ ਧਰ ਕੇ ਸਜਾਵਾਂ

ਬਨਾਵਾਂ ਮੈ  ਸ਼ਬਦਾਂ ਦੀ ਰੰਗਲੀ ਪਟਾਰੀ

ਤੇ ਸ਼ਬਦਾਂ ਨੂੰ ਚੁਕ  ਕੇ ਪਟਾਰੀ ਪਾਵਾਂ

ਸ਼ਬਦਾਂ ਦੀ  ਸੂਈ ਤੇ  ਸ਼ਬਦਾਂ  ਦਾ ਧਾਗਾ

ਪਰੋਵਾਂ  ਤੇ  ਸ਼ਬਦਾਂ  ਦੀ  ਮਾਲਾ  ਬਣਾਵਾਂ

ਸ਼ਬਦ ਅਨਹਦ ਵਜਦਾ ਸ਼ਬਦ ਨਾਦ ਗੂੰਜੇ

ਮੈੰ  ਸ਼ਬਦਾਂ  ਚ ਖੇਡਾਂ ਤੇ  ਸ਼ਬਦਾਂ ਨੂੰ ਗਾਵਾਂ

ਸ਼ਬਦ ਹੀ ਹੈ ਕਾਦਰ ਸ਼ਬਦ ਹੀ ਹੈ ਕੁਦਰਤ

ਸ਼ਬਦ ਹੀ ਹੈ ਜਲ ਥਲ  ਸ਼ਬਦ ਹੀ ਹਵਾਵਾਂ

ਸ਼ਬਦ ਹੀ  ਧਰਾ ਹੈ  ਸ਼ਬਦ ਹੀ  ਗਗਨ ਹੈ

ਸ਼ਬਦ ਹੀ ਹੈ ਦਾਮਨਿ ਸ਼ਬਦ ਹੀ ਘਟਾਵਾਂ

ਸ਼ਬਦ ਆਤਮਾਂ ਹੈ  ਸ਼ਬਦ ਹੀ ਹੈ ਧੜਕਨ

ਸ਼ਬਦ ਹੈ ਤੇ ਜ਼ਿੰਦਗ਼ੀ ਪਈ ਲੈਂਦੀ ਹੈ ਸਾਹਵਾਂ

ਸ਼ਬਦ ਹੀ ਹੈ ਕਾਗਜ਼ ਸ਼ਬਦ ਹੀ ਕਲਮ ਹੈ

ਮੈੰ ਕਾਗਜ਼ ਦੀ ਹਿੱਕ ਤੇ ਸ਼ਬਦ ਨੂੰ ਸਜਾਵਾਂ

ਸ਼ਬਦ ਦਾ  ਪੰਘੂੜਾ  ਸ਼ਬਦ  ਪੀਂਘ  ਪਾ ਕੇ

ਮੈੰ ਕਈ  ਵਾਰੀ ਅੰਬਰਾਂ ਤੇ ਜਾਵਾਂ ਤੇ ਆਵਾਂ। 

ਸ਼ਬਦ ਮੇਰਾ ਸਤਿਗੁਰ ਸ਼ਬਦ ਮੇਰਾ ਰੱਬ ਹੈ

ਮੈ  ਸ਼ਬਦਾਂ  ਚ  ਮਿਲਕੇ  ਸ਼ਬਦ ਹੋਈ  ਜਾਵਾਂ

ਸ਼ਬਦ ਵਿੱਚ ਹੀ ਜੀਣਾ ਸ਼ਬਦ ਵਿੱਚ ਹੀ ਮਰਨਾ

ਮੈੰ ‘ਸੁਰਜੀਤ’  ਹੋ ਕੇ  ਸ਼ਬਦ  ਬਣਨਾ ਚਾਹਵਾਂ 

📝 ਸੋਧ ਲਈ ਭੇਜੋ