ਸ਼ਬਦ, ਕਲਾ ਤੇ ਕਵਿਤਾ

ਤੁਹਾਨੂੰ ਸ਼ਾਇਦ ਖਬਰ ਨਹੀਂ ਸੀ

ਉਨ੍ਹਾਂ ਬੇਵਾ ਪਲਾਂ ਦੇ ਦਰਦੀ ਦੀ

ਜੋ ਪਿਰਾਮਿਡਾਂ ਦੀ ਪਕੜ 'ਚ ਨਹੀਂ ਆਇਆ

ਤੁਸੀਂ ਸ਼ਿਲਾ-ਲੇਖਾਂ ਦੀਆਂ ਸ਼ਾਹੀ ਮੋਹਰਾਂ ਨੂੰ ਹੀ

ਕਵਿਤਾ ਦੀ ਕਲਾ ਕਹਿੰਦੇ ਰਹੇ ਹੋ…….

ਸ਼ਬਦ ਜੋ ਰਾਜਿਆਂ ਦੀ ਘਾਟੀ 'ਚ ਨੱਚਦੇ ਹਨ

ਜੋ ਮਾਸ਼ੂਕ ਦੀ ਧੁੰਨੀ ਦਾ ਖੇਤਰਫਲ ਮਿਣਦੇ ਹਨ

ਜੋ ਮੇਜ਼ਾਂ ਉੱਤੇ ਟੈਨਸ-ਬਾਲਾਂ ਵਾਂਗ ਰਿੜ੍ਹਦੇ ਹਨ

ਜੋ ਮੰਚਾਂ ਦੀ ਕੱਲਰ-ਭੋਂ 'ਤੇ ਉੱਗਦੇ ਹਨ- ਕਵਿਤਾ ਨਹੀਂ ਹੁੰਦੇ

ਤੁਸੀਂ ਸਮਝਿਆ ਸੀ

ਸ਼ਬਦ ਹਵਾ 'ਚ ਉਡਦੇ ਪੱਤੇ ਹਨ

ਕਿ ਦਿੱਲੀ ਦੇ ਨਿਕਾਸੀ-ਪੱਖੇ

ਆਪਣੀ ਬੇ-ਹਯਾ ਦੁਰਗੰਧਤ-ਪੌਣ ਸੰਗ

ਲਿਖ ਦੇਣਗੇ ਸਮੇਂ ਦਾ ਕਾਵਿ

ਪਰ ਸ਼ਬਦ ਨਾ ਤਾਂ ਡਰਦੇ ਹਨ, ਨਾ ਮਰਦੇ

ਉਨ੍ਹਾਂ ਲਹੂ-ਗੁੰਨੀਂ ਮਿੱਟੀ ਨੂੰ

ਕਦੀ ਖ਼ਮੀਰ ਨਹੀਂ ਆਉਣ ਦਿੱਤੀ

ਜੋ ਦਿਨ ਦੇ 'ਨ੍ਹੇਰੇ' 'ਚ ਵਰਜਿਤ ਹੁੰਦਾ ਹੈ

ਉਸ ਨੂੰ ਰਾਤ ਦੇ ਚਾਨਣ 'ਚ ਕਰ ਦਿਖਾਉਂਦੇ ਹਨ

ਟੈਗੋਰ ਜਾਂ ਗ਼ਾਲਿਬ ਦੀ ਦਾੜ੍ਹੀ 'ਚ

ਸ਼ਬਦ ਕਵਿਤਾ ਨਹੀਂ ਹੁੰਦੇ

ਤੀਲ੍ਹਾ ਹੁੰਦੇ ਹਨ…

ਜੇ ਤੁਹਾਨੂੰ ਬਹੁਤ ਮਾਣ ਹੈ

ਆਪਣੀ ਕਲਾ, ਆਪਣੇ ਫ਼ਲਸਫ਼ੇ 'ਤੇ

ਤਾਂ ਖੋਲ੍ਹੋ ਸੁਨਹਿਰੀ ਜਿਲਦਾਂ ਵਾਲੇ ਗ੍ਰੰਥ

ਤੁਹਾਡੇ ਸ਼ੈਕਸਪੀਅਰ ਨੇ

ਜ਼ਿੰਦਗੀ ਦੇ ਹਾਸੇ 'ਚ ਮੌਤ ਦੇ ਲਤੀਫੇ ਦਾ

ਕੀ ਸਥਾਨ ਦੱਸਿਆ ਹੈ ?

ਤੁਹਾਡੇ ਬੀਥੋਵਨ ਨੇ

ਮਾਂ-ਭੈਣ ਦੀਆਂ ਗਾਲ੍ਹਾਂ ਦਾ ਕੀ ਰਿਦਮ ਦੱਸਿਆ ਹੈ ?

ਮਹਿਬੂਬ ਦੀ ਛਾਤੀ ਦੇ ਗੀਤਾਂ ਵਾਲਿਆਂ

ਮਾਂ ਦੇ ਦੁੱਧ

ਤੇ ਦੁੱਧ ਦੀ ਲਾਜ ਦਾ ਕੀ ਗੀਤ ਲਿਖਿਆ ਹੈ ?

📝 ਸੋਧ ਲਈ ਭੇਜੋ