ਸ਼ਬਦਾਂ ਦੇ ਬਾਣ

ਇਹ ਬਰਕਤਾਂ ਦੇ ਰਾਹ

ਜਦ ਖੁੱਲ੍ਹੇ ਤਾਂ ਵਾਹ

ਸਾਰੇ ਮਾਫ਼ ਨੇ ਗੁਨਾਹ

ਜੇ ਰੱਬ ਦੇਵੇ ਮਾਫ਼ੀਆਂ,

ਇਹ ਝੁਰਮਟ ਹਕੀਕੀ

ਸਾਡਾ ਇਸ਼ਕ ਮੋਸੀਕੀ

ਸਾਡੇ ਲੱਖਾਂ ਨੇ ਚਾਅ

ਜੇ ਗਾਉਂਦਾ ਦਿਸੇ ਕਾਫ਼ੀਆਂ

ਲੰਮੇ ਪੈਂਡਿਆਂ ਦੇ ਸਫ਼ਰ

ਉਹ ਸਾਨੂੰ ਕਿੱਥੇ ਖਬਰ

ਸਾਡੇ ਹਿੱਸੇ ਆਇਆ ਸਬਰ

ਤੇ ਕਵਿਤਾ ਉਡੀਕਣਾ,

ਸਾਡੇ ਗੀਤ ਘਰ ਜੰਮੇ

ਕਿੰਨ੍ਹੇ ਸਦੀਆਂ ਤੋਂ ਲੰਮੇ

ਸਾਨੂੰ ਕਿਸ ਲਾਇਆਂ ਕੰਮੇ,

ਹਜੇ ਇਹ ਵੀ ਹੈ ਉਲੀਕਣਾ

ਉਹ ਖੁਸ਼ੀਆਂ ਦੇ ਟੋਲੇ

ਸਾਡੇ ਭੇਦ ਜੀ ਫਰੋਲੇ

ਬਣ ਗਏ ਵਾਵਰੋਲੇ

ਲੈ ਖਿਆਲਾਂ ਨੂੰ ਉਡਾ,

ਉਹਦੀ ਸੂਰਤ ਦੇ ਕੀ ਕਹਿਣੇ

ਜਿਵੇਂ ਮਹਿੰਗੇ ਕੋਈ ਗਹਿਣੇ

ਸਾਨੂੰ ਚੇਤੇ ਸਦਾ ਰਹਿਣੇ,

ਨਹੀਂ ਸਕਦੇ ਭੁਲਾ

ਪਰ੍ਹੇ ਅਕਾਸ਼ਾਂ ਤੋਂ ਚੋਰੀ

ਅਸੀਂ ਗੱਲ ਉਹਦੀ ਤੋਰੀ

ਸਾਡੇ ਗੀਤ ਕਮਜ਼ੋਰੀ

ਨਹੀਂ ਸੁੱਖ ਦਾ ਕੋਈ ਸਾਹ,

ਤੇਰੇ ਮਸਤਕ ਦੇ ਉੱਤੇ

ਗੀਤ ਚਾਨਣਾ ਦੇ ਸੁੱਤੇ

ਸਾਡੇ ਹਿੱਸੇ ਆਏ ਜੁੱਤੇ

ਲੈ ਤੂੰ ਪੈਰਾਂ ਵਿੱਚ ਪਾ

ਇਹ ਅੱਲ੍ਹਾ ਵਾਲੇ ਰੌਲੇ

ਸਾਨੂੰ ਕਰ ਗਏ ਨੇ ਬੋਲੇਂ

ਸਾਡੇ ਕੁਝ ਵੀ ਨਹੀਂ ਕੋਲੇ

ਅਸੀਂ ਹੋ ਗਏ ਬਸ ਚੁੱਪ,

ਸਾਡੀ ਮੱਤ ਨਹੀਂ ਟਿਕਾਣੇ

ਕੌਣ ਦਿਲ ਦੀਆਂ ਜਾਣੇ

ਸਾਡੇ ਗੀਤ ਨੇ ਨਿਆਣੇ

ਵੱਡੀ ਇਸ਼ਕਾਂ ਦੀ ਚੁੱਪ

ਇਹ ਕਲਮ ਘੜੀਸ

ਕੋਈ ਦੇਵੋਂ ਜੀ ਅਸੀਸ

ਜਾਵੇ ਦਿਲ ਜੀ ਪਸੀਜ਼

ਹੋਵੇ ਸਾਡੇ ਉੱਤੇ ਮਾਣ,

ਸਾਡੇ ਆਪੇ ਦੀ ਲੜਾਈ

ਲਈਏ ਕਿਸਤੋਂ ਰਿਹਾਈ

ਸਾਡੀ ਇਹੋ ਹੈ ਕਮਾਈ

ਜੋ ਸ਼ਬਦਾਂ ਦੇ ਬਾਣ

📝 ਸੋਧ ਲਈ ਭੇਜੋ