ਸ਼ਬਦਾਂ ਤਾਈਂ ਸੰਭਾਲ ਨੀ ਜਿੰਦੇ,
ਸ਼ਬਦਾਂ ਨੂੰ ਕਦੀ ਮਰਨ ਨਾ ਦੇਵੀੰ।
ਜ਼ਖ਼ਮਾਂ ਸਦਾ ਤੂੰ ਰਿਸਦੇ ਰੱਖੀੰ ,
ਇਨ੍ਹਾਂ ਨੂੰ ਕਦੀ ਭਰਨ ਨਾ ਦੇਵੀਂ।
ਮਨ ਨੂੰ ਹੌਲਾ ਕਰਕੇ ਰੱਖੀਂ ,
ਬੋਝ ਉਠਾ ਕੇ ਤਰਨ ਨਾ ਦੇਵੀਂ।
ਅਪਣੇ ਆਪ ਤੂੰ ਬਣ ਜਰਵਾਣੀ ,
ਖ਼ੁਦ ਨੂੰ ਕਦੇ ਵੀ ਡਰਨ ਨਾ ਦੇਵੀਂ।
ਕੰਮ ਤੇਰਾ ਹੈ ਮਨ ਨੂੰ ਜਿੱਤਣਾ,
ਇਸਨੂੰ ਕਦੇ ਤੂੰ ਹਰਨ ਨਾ ਦੇਵੀਂ।
ਜ਼ਿੰਦਗ਼ੀ ਦੀ ਅਨਮੋਲ ਹੈ ਖੇਤੀ,
ਪਸ਼ੂ ਆਵਾਰਾ ਚਰਨ ਨਾ ਦੇਵੀੰ।
ਮੈਨੂੰ ਮੂੰਹ ਲੁਕਾਉਣਾ ਪੈ ਜਾਏ ,
ਕੰਮ ਅਜੇਹਾ ਕਰਨ ਨਾ ਦੇਵੀੰ
ਰੱਬ ਤੈਨੂੰ ਸੁਰਜੀਤ ਬਣਾਇਆ,
ਤੂੰ ਜ਼ਮੀਰ ਨੂੰ ਮਰਨ ਨਾ ਦੇਵੀਂ।