ਜੇ ਚੁੱਪ ਨੇ ਸ਼ਬਦ
ਤਾਂ ਚੁੱਪ ਰਹਿਣ ਦੇ !
ਤੇਰੇ ਮੁਖੌਟੇ ਹੇਠੋਂ
ਤੇਰਾ ਚਿਹਰਾ ਕੁਝ ਕਹਿੰਦੈ
ਮੈਨੂੰ ਵੇਖ ਲੈਣ ਦੇ!
ਤੈਨੂੰ ਮੁਖੌਟੇ ਬੜੇ ਸਜਦੇ ਨੇ
ਤੂੰ ਇਹਨਾਂ ਨੂੰ
ਇੱਦਾਂ ਹੀ ਪਾਈ ਰੱਖ !
ਠਹਿਰ
ਮੈਨੂੰ ਵੀ ਅਣਜਾਣ ਹੋਣ ਦਾ
ਕੋਈ ਸਾਂਗ ਰਚ ਲੈਣ ਦੇ !
ਆ !
ਫੇਰ ਬੈਠਦੇ ਹਾਂ
ਗੂੜ੍ਹੀ ਚੁੱਪ ਦੀ ਛਾਂਵੇਂ
ਦੱਬੇ ਹੋਏ ਅਹਿਸਾਸਾਂ ਨੂੰ
ਹੋਰ ਦਬਾ ਲਵਾਂਗੇ !
ਇਹ ਚੁੱਪ ਕਦੇ
ਕੋਈ ਕਹਾਣੀ ਕਹਿ ਹੀ ਦੇਵੇਗੀ,
ਜਦੋਂ ਕਦੇ ਬਰਸਾਤ ਹੋਵੇਗੀ
ਤੇਰੇ ਮੇਕਅੱਪ ਦੀ ਪਰਤ ਉੱਤਰੇਗੀ,
ਧੁੱਪ ਨਿੱਖਰੇਗੀ
ਤਾਂ ਤੇਰੇ ਚਿਹਰੇ 'ਤੇ ਉੱਕਰੀ
ਇਕ ਇਕ ਝੁਰੜੀ ਨਿੱਖਰੇਗੀ !
ਅਜੇ ਤਾਂ ਤੇਰੇ ਮੇਕਅੱਪ ਦੀ
ਪਰਤ ਬੜੀ ਗੂੜ੍ਹੀ ਹੈ
ਅਜੇ ਤਾਂ ਲੁਕੀ ਹੋਈ
ਤੇਰੇ ਮੱਥੇ ਦੀ ਹਰ ਤਿਊੜੀ ਹੈ
ਅਜੇ ਤਾਂ ਚੁੱਪ ਰਹਿਣ ਦੀ ਮਜਬੂਰੀ ਹੈ !
ਅਜੇ ਤੂੰ ਮੁਖੌਟੇ
ਇੱਦਾਂ ਹੀ ਪਾਈ ਰੱਖ
ਸਮਝਣ ਵਾਲੇ ਸਭ ਸਮਝਦੇ ਨੇ!