ਸੁਣੀ ਸ਼ਾਹ ਹੁਸੈਨਾ ਗੱਲ ਵੇ, 

ਡਾਢੀ ਰਮਜ਼ ਦਾ ਤਪਿਆ ਥੱਲ ਵੇ।

ਅੱਖੀਂ ਰੁੰਨੀਆਂ ਹਿਜਰ ਦੇ ਮਾਲਕਾ 

ਪਾਵੀਂ ਸ਼ਹੁ ਦਰਿਆਵਾਂ ਨੂੰ ਠੱਲ੍ਹ ਵੇ।

ਸਾਡੀ ਖੇਡ ਦੀ ਉਮਰੇ ਰਾਵਲਾ 

ਕਿਸ ਸੂਰਜ ਪਾਇਆ ਝੱਲ ਵੇ।

ਡਾਢੇ ਸ਼ੀਹਾਂ ਦੇ ਪੰਜੇ ਮਾਰਦੇ 

ਸ਼ਾਹ ਰਾਤਾਂ ਦੀ ਛੱਲ ਵੇ।

ਸੁਣ ਤ੍ਰਿੰਝਣ-ਵਿਹੜੇ ਰਾਵਲਾ

ਐਂਵੇਂ ਜੂਹ ਬਿਗਾਨੀ ਨਾਂਹ ਮੱਲ ਵੇ। 

ਸਾਡਾ ਯਾਰ ਉਮਰ ਦਾ ਵਾਸਤਾ 

ਇਹ ਕਿਸ ਤਕਸੀਰ ਦਾ ਫੱਲ ਵੇ ?

ਜਾਣ ਹੁਸਨ ਦੇ ਧਾੜਵੀ

ਕਿਉਂ ਪੱਤਣ ਬੈਠੇ ਮੱਲ ਵੇ ?॥੧॥

ਨਾਂਹ ਸ਼ਾਹ ਹੁਸੈਨਾ ਜ਼ੋਰ ਵੇ

ਤੁਰ ਜਾਂਦੇ ਦਿਲਾਂ ਦੇ ਚੋਰ ਵੇ।

ਡੁੱਬ ਜਾਂਦੇ ਸੂਰਜ ਸਮੇਂ ਦੇ

ਦਰਿਆ ਵਗ ਪੈਂਦੇ ਹੋਰ ਵੇ।

ਟੁੱਟ ਜਾਂਦਾ ਮਾਣ ਲਾਹੌਰ ਦਾ 

ਦਿਲ ਦਰਵੇਸ਼ਾਂ ਦਾ ਤੋੜ ਵੇ।

ਚੜ੍ਹ ਖ਼ੂਨ-ਚਰਖੜੀ ਸੌਂਵਦੇ

ਬੇ-ਪ੍ਰਬਾਹ ਮੋਹ-ਤੋੜ ਵੇ।

ਹਾਇ! ਕੁਫ਼ਰ-ਕਿਆਮਤ ਕਟਕਦੀ 

ਜਿਸ ਡੱਕੇ ਅੱਥਰੇ ਘੋੜ ਵੇ।

ਹੋ ਤੀਲਾ ਤੀਲਾ ਡਿੱਗਦਾ,

ਚਰਖ਼ ਕਹਿਰ ਦਾ ਘੋਰ ਵੇ।

ਟੁੱਟ ਜਾਸੀ ਸਿਦਕ ਫ਼ਕੀਰ ਦਾ 

ਇਹ ਬਾਜ਼ ਕਹਿਰ ਦੇ ਮੋੜ ਵੇ॥੨॥

ਨਾਂਹ ਸ਼ਾਹ ਹੁਸੈਨਾ ਬੱਸ ਵੇ,

ਜ਼ਰਾ ਵਾਗ ਕਹਿਰ ਦੀ ਕੱਸ ਵੇ।

ਸੰਗਲ ਭੰਨ ਰਾਤ ਦੇ ਜ਼ਾਲਿਮ

ਸੂਰਜ ਉੱਠਿਆ ਨੱਸ ਵੇ।

ਕੋਟਾਂ ਦੇ ਦਰ ਸਿਖਰਾਂ ਖੌਰੂ

ਪਈ ਤਾਰਿਆਂ ਗਸ਼ ਵੇ

ਨਾਗ ਦਿਲਾਂ ਨੂੰ ਧੀਰਜ ਦਿੰਦੇ 

ਡੀਕ ਧਰਤ ਦੇ ਰੱਸ ਵੇ।

ਅੱਖੀਂ ਰੁੰਨੀਆਂ ਹਿਜਰ ਦੇ ਮਹਿਰਮਾ 

ਨਾਂਹ ਮਨ ਪ੍ਰਦੇਸੀ ਵੱਸ ਵੇ॥੩॥ 

ਸੁਣੀ ਸ਼ਾਹ ਹੁਸੈਨਾ ਬੋਲ ਵੇ, 

ਡਾਢੇ ਤੁਰ ਗਏ ਜਿੰਦਾਂ ਨੂੰ ਰੋਲ ਵੇ। 

ਬੇਪ੍ਰਵਾਹਾਂ ਦੇ ਮੇਲੇ ਉੱਠ ਗਏ 

ਕਾਸੇ ਸੱਖਣੇ ਫ਼ਕੀਰਾਂ ਕੋਲ ਵੇ।

ਤੁਰਿਆ ਕਾਫ਼ਲਾ ਡੋਬ ਕੇ ਅੰਤ ਸੂਰਜ 

ਚੜ੍ਹਿਆ ਸਿਖਰ ਕਿਆਮਤਾਂ ਬੋਲ ਵੇ।

ਕੀਤਾ ਯਾਦ ਲਾਹੌਰ ਨੂੰ ਹਸ਼ਰ ਵਿਚ 

ਡੱਗਾ ਵੱਜਿਆ ਚੀਕਿਆ ਢੋਲ ਵੇ।

ਕਿੱਥੇ ਅੱਜ ਦਰਗਾਹ ਦੇ ਕੌਲ ਵੇ

ਪਿਆ ਧਰਤ ਦੇ ਚੱਕ ਤੇ ਹੌਲ ਵੇ॥੪॥

ਆਵੀਂ ਸ਼ਾਹ ਹੁਸੈਨਾ ਚੱਲ ਵੇ, 

ਯਾਰ ਮੋਏ ਦਾ ਉਮਰ ਨੂੰ ਸੱਲ੍ਹ ਵੇ।

ਰੁੱਠ ਇੰਞ ਦਿਲਾਂ ਦੇ ਜਾਨੀਆਂ 

ਮੋਏ ਫੇਰ ਸੁਣਨਗੇ ਗੱਲ ਵੇ। 

ਜਦੋਂ ਹੀਰ ਨੂੰ ਕਹਿਰ ਦਾ ਤਾਪ ਪੈਣਾ 

ਪਛੋਤਾਵਸੇਂ ਫੇਰ ਤੂੰ ਮੱਲ ਵੇ। 

ਕੇਸ ਕਾਲੜੇ, ਫ਼ਜਰ ਦੀ ਭੇਹਰ ਵੱਜੀ 

ਯਾਰ ਬਹੁੜ ਤੂੰ ਤੋੜ ਕੇ ਥੱਲ ਵੇ। 

ਡੋਲੇ ਪੁਲ ਸ਼ਮਸ਼ੀਰ ਦਾ ਲਹੂ-ਪੀਣਾ 

ਸ਼ੀਂਹ ਸੁੱਟਦੇ ਗ਼ੁੱਸੇ ਦੀ ਛੱਲ ਵੇ। 

ਖ਼ਾਲੀ ਦਰਾਂ ਤੇ ਤਾਰਿਆਂ ਨਜ਼ਰ ਸੁੱਟੀ 

ਯੋਗੀ ਤੁਰ ਗਿਆ ਝੱਖੜਾਂ ਵਲ ਵੇ॥੫॥ 

ਖੁੱਲੀ ਸ਼ਾਹ ਹੁਸੈਨਾ ਜਾਗ ਵੇ

ਬੇਲਾ ਮੱਚਿਆ, ਸ਼ੂਕਿਆ ਨਾਗ ਵੇ।

ਖੁੱਲ੍ਹੀ ਵਾਂਗ ਤੇ ਫੜਕਿਆ ਬਾਜ਼ ਵੇ। 

ਸੂਰਜ ਪਾ ਗਿਆ ਅਰਸ਼ ਤੇ ਦਾਗ਼ ਵੇ।

ਕਤਰਾ ਨਦੀ ਦੇ ਕਹਿਰ ਨੇ ਝੰਬਿਆ, 

ਸਾਜ਼ਿਸ਼ ਰੱਬ ਦੀ ਜ਼ਿਮੀਂ ਦੇ ਬਾਗ਼ ਵੇ !

ਖੰਜਰ ਪੀ ਗਈ ਰਾਹਾਂ ਦੇ ਸਾਹ ਨੂੰ 

ਮੋਇਆ ਮੰਗਸੀ ਕਦੋਂ ਹਿਸਾਬ ਵੇ ?

ਵਾਜਾਂ ਮਾਰਦਾ ਗਿਆ ਜੋ ਕੌਣ ਹੈ ?

ਸਿੰਧ ਸਾਡੇ ਗੁਨਾਹ ਦਾ ਝਾਗ ਵੇ॥੬॥

📝 ਸੋਧ ਲਈ ਭੇਜੋ