ਐ ਹਿੰਦੂਆਂ ਦੇ ਰਾਖੇ ਆਲਮ,
ਤੇਗ ਬਹਾਦਰ ਬਦਲ ਇਰਾਦਾ।
ਮੈਨੂੰ ਆਪਣਾ ਫਰਜ਼ ਨਿਭਾਵਣ,
ਵਿੱਚ ਨਾ ਹੋ ਜਾਏ ਦੇਰ ਜ਼ਿਆਦਾ।
ਆਖ ਰਿਹੈ ਹੈ ਕਾਜ਼ੀ ਤੈਨੂੰ,
ਜੇ ਇਸਲਾਮ ਕਬੂਲ ਕਰੇਂਗਾ।
ਭਰੇ ਚੌਂਕ ਵਿੱਚ ਦਿਨੇ ਦਿਹਾੜੀ,
ਬਿਨ ਆਈ ਨਾ ਮੌਤ ਮਰੇਂਗਾ।
ਪੀਰ ਬਣਾਇਆ ਜਾਵੇਂਗਾ ਤੂੰ,
ਸ਼ਹਿਨਸ਼ਾਹੀ ਦਰਬਾਰਾਂ ਵਾਲਾ।
ਜਾਂ ਫੌਜਾਂ ਦਾ ਆਗੂ ਬਣਸੇਂ,
ਤੀਰਾਂ ਤੇ ਤਲਵਾਰਾਂ ਵਾਲਾ।
ਕੀ ਤੈਨੂੰ ਇਨਾਮ ਹੈ ਦੇਣਾ,
ਇਨ੍ਹਾਂ ਚਾਰ ਗਦਾਕਾਰਾਂ ਨੇ।
ਵਿੰਨ੍ਹ ਸੁੱਟਣਾ ਹੈ ਦਾਮਨ ਤੇਰਾ,
ਅੱਜ ਕਸ਼ਮੀਰ ਦਿਆਂ ਖ਼ਾਰਾਂ ਨੇ।
ਸ਼ਹਿਨਸ਼ਾਹੀ ਪਰਵਾਨਾ ਆਇਐ,
ਇੱਕੋ ਮਜ਼ਹਬ ਚਲਾਇਆ ਰਹਿਣੈ।
ਕੱਲ੍ਹ ਦੇ ਹਿੰਦੋਸਤਾਨ 'ਚ ਵੇਖੀਂ,
ਨਾ ਹਿੰਦੂਆਂ ਦਾ ਸਾਇਆ ਰਹਿਣੈ।
ਇਹ ਸਭ ਤੇਰੇ ਹਿੰਦੁਸਤਾਨੀ,
ਮੁਸਲਮਾਨ ਬਣਾਏ ਜਾਣੇ।
ਨਹੀਂ ਤਾਂ ਤੇਰੇ ਮੁਰੀਦਾਂ ਵਾਂਗੂੰ,
ਸਾਰੇ ਹੀ ਮਰਵਾਏ ਜਾਣੇ।
ਇਹ ਤਲਵਾਰ ਲਹੂ ਦੀ ਪਿਆਸੀ,
ਇੱਕ ਵਾਰੀ ਜਿਸ ਨੂੰ ਲੜ ਜਾਵੇ।
ਸਿਰ ਉਹਦਾ ਧੜ ਨਾਲੋਂ ਟੁੱਟੇ,
ਧੜ ਉਹਦਾ ਸਿਰ ਤੋਂ ਝੜ ਜਾਵੇ।
ਇਹ ਤਲਵਾਰ ਅਜ਼ਲ ਦੀ ਬੇਟੀ,
ਕਿਤਨੇ ਜੋਬਨ ਖਾ ਬੈਠੀ ਏ।
ਕੱਜੀ ਹੋਈ ਮਿਆਨਾਂ ਅੰਦਰ,
ਇਹ ਕਈ ਮਰਦ ਵਿਆਹ ਬੈਠੀ ਏ।
ਕੀ ਆਖੇਗਾ ਟੱਬਰ ਤੇਰਾ,
ਜਿਹਨੂੰ ਵਿਛੋੜੇ ਪਾ ਚੱਲਿਆ ਏਂ ?
ਕੀ ਆਖੇਗਾ ਪੁੱਤਰ ਤੇਰਾ,
ਮਿਹਟਰ ਜਿਹਨੂੰ ਬਣਾ ਚੱਲਿਆ ਏ ?
ਆਪਣੇ ਬਾਲ ਬੱਚੇ ਦੀ ਖ਼ਾਤਿਰ,
ਇਸ ਹੋਣੀ ਤੋਂ ਜਿੰਦ ਬਚਾ ਲੈ।
ਜੇ ਇਸਲਾਮ ਕਬੂਲ ਨਹੀਂ ਤੈਨੂੰ,
ਕਰਾਮਾਤ ਹੀ ਕੋਈ ਵਿਖਾ ਲੈ।
ਨੌਵੇਂ ਸਤਿਗੁਰ ਤੇਗ ਬਹਾਦੁਰ,
ਖੋਲ੍ਹ ਸਮਾਧੀ ਇੰਜ ਮੁਸਕਾਏ।
ਜੀਕਣ ਤੱਪਦੇ ਰੇਤ ਥਲਾਂ ਵਿੱਚ,
ਬਾਰਸ਼ ਆਣ ਫੁਹਾਰਾਂ ਪਾਏ।
ਜਿਸ ਘਰ ਮੌਤ ਕਦੀ ਨਹੀਂ ਆਈ,
ਦਸ ਉਹ ਕਿਹੜਾ ਘਰ ਹੈ ਸੱਜਣਾ।
ਇੱਕ ਵਾਰੀ ਜਦ ਮਰ ਜਾਣਾ ਏ,
ਫਿਰ ਮਰਨੋਂ ਕੀ ਡਰ ਹੈ ਸੱਜਣਾ।
ਜਿਸ ਮਰਨੇ ਤੋਂ ਜਗ ਡਰਦਾ ਏ,
ਮੈਂ ਉਹ ਮਰਨਾ ਪਾਣਾ ਚਾਹੁੰਨਾ।
ਸਿਰ ਦਿੱਤਿਆਂ ਜੇ ਧਰਮ ਹੈ ਬਚਦਾ,
ਤਾਂ ਮੈਂ ਸੀਸ ਕਟਾਣਾ ਚਾਹੁੰਨਾ।
ਤੂੰ ਚਾਹੁੰਨਾ ਏਂ ਇਸ ਧਰਤੀ ਤੇ,
ਹੋਣ ਸਦਾ ਝਗੜੇ ਤੇ ਦੰਗੇ।
ਮੈਂ ਚਾਹੁੰਨਾ ਹਾਂ ਇਸ ਧਰਤੀ ‘ਚੋਂ,
ਫੁੱਲ ਖਿੜਨ ਕਈ ਰੰਗ ਬਿਰੰਗੇ।
ਤੂੰ ਚਾਹੁੰਨਾ ਏਂ ਇਸ ਧਰਤੀ ਦਾ,
ਹਰ ਜ਼ਰਾ ਅੰਗਿਆਰ ਬਣਾਵਾਂ।
ਮੈਂ ਚਾਹੁੰਨਾ ਹਾਂ ਇਸ ਧਰਤੀ ਨੂੰ,
ਹਰੀ ਭਰੀ ਗੁਲਜ਼ਾਰ ਬਣਾਵਾਂ।
ਉਸ ਮਾਲਕ ਦੇ ਘਰ ਜਾਵਣ ਲਈ,
ਮਜ਼ਹਬ ਰਾਹ ਨੇ ਵਖਰੇ ਵਖਰੇ।
ਤੂੰ ਚਾਹੁੰਨਾ ਏਂ ਹਰ ਮਜ਼ਹਬੀ ਦੇ,
ਕਰ ਦੇਣੇ ਨੇ ਡਕਰੇ ਡਕਰੇ।
ਦਯਾ, ਧਰਮ, ਨੇਕੀ ਦੇ ਬੂਟੇ,
ਢਹਿ ਨਾ ਸਕਣ "ਤੂਫ਼ਾਨਾਂ" ਆਖੇ।
ਜਾਹ ਆਪਣੇ ਕਾਜ਼ੀ ਨੂੰ ਕਹਿ ਦੇ,
ਪ੍ਰਭ ਭਾਵੇ ਬਿਨ ਸਾਸ ਤੇ ਰਾਖੇ।
ਕੌਣ ਕਿਸੇ ਤੋਂ ਮਰ ਸਕਦਾ ਏ,
ਕੌਣ ਕਿਸੇ ਨੂੰ ਢਾਹ ਸਕਦਾ ਹੈ।
ਪ੍ਰਭ ਚਾਹੇ ਤਾਂ ਕੀੜੀ ਕੋਲੋਂ,
ਹਾਥੀ ਨੂੰ ਮਰਵਾ ਸਕਦਾ ਏ।
ਤੂੰ ਮਾਲਕ ਦਾ ਹੁਕਮ ਬਜਾਣੈ,
ਮੈਂ ਮਾਲਕ ਦਾ ਹੁਕਮ ਮਨਾਣੈ।
ਤੂੰ ਵੀ ਆਪਣਾ ਫਰਜ਼ ਨਿਭਾਣੈ,
ਮੈਂ ਵੀ ਆਪਣਾ ਫਰਜ਼ ਨਿਭਾਣੈ ।
ਛੇਤੀ ਕਰ ਤਲਵਾਰ ਚਲਾ ਦੇ,
ਮੈਂ ਆਪਣੇ ਸੱਜਣਾਂ ਵੱਲ ਜਾਣੈ।
ਭਰੇ ਚੌਂਕ ਵਿੱਚ ਸੀਸ ਕਟਾ ਕੇ,
ਆਪਣਾ ਸੁੱਤਾ ਦੇਸ਼ ਜਗਾਣੈ।
ਜਾਗੋ ਗੁਰੂ ਨਾਨਕ ਦਿਓ ਸਿੱਖੋ,
ਤਲਵਾਰਾਂ ਦਾ ਮੌਸਮ ਆਇਆ।
ਗਰਮ ਗਰਮ ਤਵੀਆਂ ਦੇ ਉੱਤੇ,
ਫਿਰ ਨਾ ਜਾਵੇ ਸਬਰ ਜਲਾਇਆ।
ਇਸ ਧਰਤੀ ਦੇ ਜ਼ੱਰਿਆਂ ਉੱਤੇ,
ਖ਼ੂਨ ਮੇਰੇ ਦੇ ਛਿੱਟੇ ਮਾਰੋ।
ਅਮਨ ਦੀ ਰੱਖਿਆ ਜੇ ਕਰਨੀ ਏ,
ਜਾਗੋ ਨੀ ਸੁੱਤੀਓ ਤਲਵਾਰੋ।
ਜਿਉਂ ਜਿਉਂ ਖੂਨ ਵਹੇਗਾ ਮੇਰਾ,
ਜ਼ੱਰਿਆਂ ਨੂੰ ਗਰਮਾਈ ਆਣੀ।
ਜ਼ੰਜੀਰਾਂ ਵਿੱਚ ਜਕੜੀ ਹੋਈ,
ਭਾਰਤ ਮਾਂ ਛੁਡਵਾਈ ਜਾਣੀ।
ਮੈਂ ਤੇਰਾ ਮਸ਼ਹੂਰ ਹਾਂ ਕਾਤਿਲ,
ਜਨਮ ਜਨਮ ਵਿੱਚ ਆਵੀਂ ਅੜਿਆ।
ਮੈਂ ਆਪਣਾ ਸਿਰ ਭੇਂਟ ਕਰਾਂਗਾ,
ਤੂੰ ਵੀ ਫਰਜ਼ ਨਿਭਾਵੀਂ ਅੜਿਆ।
ਜਦ ਤਲਵਾਰ ਚਲੇਗੀ ਤੇਰੀ,
ਸਿਰ ਮੇਰਾ ਸਰਦਾਰ ਬਣੇਂਗਾ।
ਇਹ ਤਨ ਮੇਰਾ ਰੰਗ ਵਟਾ ਕੇ,
ਮਜ਼ਲੂਮਾਂ ਦਾ ਯਾਰ ਬਣੇਂਗਾ।