ਪੱਥਰਾਂ ਦੇ ਇਸ ਸ਼ਹਿਰ ਦੇ ਅੰਦਰ, ਪੱਥਰ ਦਿਲ ਇਨਸਾਨ ਵਿਚਰਦੇ,

ਇਹਨਾਂ ਦੇ ਨਾਲ ਖਹਿੰਦੇ ਖਹਿੰਦੇ, ਜ਼ਮੀਰ, ਦਿਲੋ ਦਿਮਾਗ ਮੇਰਾ,

ਸਿੱਲ ਪੱਥਰ ਹੋ ਗਿਆ ਹੈ....

ਕੀ ਹੋ ਗਿਆ ਇਹਨਾਂ ਲੋਕਾਂ ਨੂੰ , ਇੱਕ ਦੂਜੇ ਵੱਲ ਤੱਕੀ ਜਾਂਦੇ,

ਡੌਰ ਭੌਰ ਜਿਹੇ, ਓਪਰਿਆਂ ਵਾਂਗੂ, ਜਾਪਦੈ ਜਿਵੇਂ ਇਸ ਸ਼ਹਿਰ ਵਿੱਚੋਂ,

ਪਿਆਰ ਤਾਂ ਕਿਧਰੇ ਖੋ ਗਿਆ ਹੈ.....

ਸੜਕ ਕਿਨਾਰੇ ਬੁੱਢੀ ਮਾਈ, ਸ਼ਾਇਦ ਉਸ ਪਾਰ ਜਾਣਾ ਚਾਹੁੰਦੀ,

ਪਰ ਕੋਈ ਵੀ ਧਿਆਨ ਨੀ ਦੇਂਦਾ, ਲੇਕਿਨ ਇੱਕ ਕੰਜਰੀ ਦੇ ਦਰ ਤੇ,

ਹਜੂਮ ਸਾਰਾ ਖਲੋ ਗਿਆ ਹੈ....

ਇਥੋਂ ਦੇ ਲੋਕ ਰੋਜ ਨਹਾਉਂਦੇ, ਲੱਖ ਕਰੀਮਾਂ, ਮਹਿਕਾਂ ਲਾਉਂਦੇ,

ਪਰ ਹਰ ਇੱਕ ਦਾ ਮਨੀ ਰਾਮ ਤਾਂ, ਮਾਰਦਾ ਬਦਬੋ ਪਿਆ ਹੈ.....

ਮੇਰੇ ਸ਼ਹਿਰ ਦੇ ਬਾਸ਼ਿੰਦੇ, ਬੜੇ ਗਏ ਸੀ ਪਿਆਰ ਨੂੰ  ਢੂੰਢਣ,

ਕੁੱਝ ਪਾਗਲ, ਕੁੱਝ ਪੱਥਰ ਹੋ ਗਏ, ਵਾਪਿਸ ਨਾ ਮੁੜਿਆ, ਜੋ ਗਿਆ ਹੈ...

ਉੱਤੋਂ ਉੱਤੋਂ ਹੱਸਣ ਖੇਡਣ, ਲੱਗਦਾ ਜਿਵੇਂ ਇਹ ਬੜੇ ਹੀ ਖੁਸ਼ ਨੇ,

ਮੂੰਹ ਬਣਾਉਣੇ ਸਿੱਖ ਲਏ ਸਭ ਨੇ, ਹਰ ਕੋਈ ਗਮ ਲੁਕੋ ਗਿਆ ਹੈ....

ਇੱਕ ਪਾਸੇ ਇੱਕ ਮੰਗਤਾ ਮੋਇਆ, ਮੰਗਤਾ ਹੀ ਮੋਇਐ, ਫੇਰ ਕੀ ਹੋਇਆ?

ਹੋਈ ਮੌਤ ਜਦੋਂ ਇੱਕ ਕਾਂ ਦੀ, ਹਰ ਕਾਂ ਓਥੇ ਆ ਰੋ ਗਿਆ ਹੈ...

ਲੱਖ ਘਟੀਆ ਇਹ ਸ਼ਹਿਰ ਵਿਚਾਰਾ, ਪਰ ਮੈਨੂੰ ਇਹ ਲੱਗਦਾ ਪਿਆਰਾ,

ਮੇਰੇ ਅਲ੍ਹੜਪੁਣੇ ਦੇ ਦਿਨ ਇਹ, ਆਪਣੇ ਵਿੱਚ ਸਮੋ ਗਿਆ ਹੈ...

📝 ਸੋਧ ਲਈ ਭੇਜੋ