ਮੇਰੀ ਹੱਥ ਘੜੀ ਦੀਆਂ ਸੂਈਆਂ ਵਰਗਾ,

ਇਹ ਅਜਨਬੀ ਸ਼ਹਿਰ ਹੈ।

ਬਿਨਾ ਰੁਕੇ, ਬਿਨਾ ਥੱਕੇ,

ਚੱਲਦਾ ਚੱਤੋ ਪਹਿਰ ਹੈ।

ਦੂਰੋਂ ਦੂਰੋਂ ਇਹ ਜੋ ਨਜਾਰੇ,

ਅੰਮ੍ਰਿਤ ਵਰਗੇ ਜਾਪਦੇ।

ਮੈਂ ਪੀ ਕੇ ਜਦ ਵੇਖਿਆ,

ਬੱਸ ਇਹ ਤਾਂ ਮਿੱਠਾ ਜ਼ਹਿਰ ਹੈ।

ਪੱਥਰਾਂ ਦਾ ਜੰਗਲ ਹੈ,

ਜਾਂ ਕੋਈ ਸੱਭਿਅਕ ਸਮਾਜ ਹੈ।

ਮੈਂ ਹਾਲੇ ਇਸ ਸਮਝ ਨਾ ਸਕਿਆ,

ਕੀ ਕੁਦਰਤ ਦਾ ਕਹਿਰ ਹੈ!

ਘਰੋਂ ਬਾਹਰ ਜਦ ਨਿੱਕਲਿਆ,

ਮੈਂ ਭੀੜ ਵਿੱਚ ਹੀ ਡੁੱਬ ਗਿਆ।

ਐ ਖੁਦਾ ਇਹ ਲੋਕ ਨੇ,

ਜਾਂ ਕੋਈ ਵਗਦੀ ਨਹਿਰ ਹੈ!

ਆਪਣਾ ਨੰਗ ਛੁਪਾਉਣ ਲਈ,

ਦੂਜਿਆਂ ਦੇ ਕੱਪੜੇ ਪਾੜਣੇ।

ਪੰਥਾਂ, ਧਰਮਾਂ ਵਾਲਿਆਂ ਨੇ,

ਛੇੜੀ ਨਵੀਂ ਲਹਿਰ ਹੈ।

ਨਰਕਾਂ ਦੀ ਇਹ ਦੌੜ ਵਿੱਚ,

ਭੱਜ ਭੱਜ ਕੇ ਜਦ ਹੰਭਿਆ।

ਉਸੇ ਦਿਨ ਇਸ ਦਿਲ ਨੇ ਸਮਝਣਾ,

"ਮੰਡੇਰ" ਜਾਣਾ ਠਹਿਰ ਹੈ॥

📝 ਸੋਧ ਲਈ ਭੇਜੋ