ਮੈਂ ਆਪਣੇ ਸ਼ਹਿਰ ਨੂੰ ਵਾਪਸ ਚਲੇ ਜਾਣੈ
ਨਦੀ ਕੰਢੇ ਖਲੋਤਾ ਸ਼ਹਿਰ ਮੇਰਾ
ਉਸ ਆਪਣੇ ਤਨ ਬਦਨ ਨੂੰ
ਆਪਣੇ ਹੱਥੀਂ ਅਗਨ ਦਾ ਸ਼ਿੰਗਾਰ ਕੀਤਾ
ਨਦੀ ਵਿਚ ਛਾਲ ਮਾਰਨ ਲੋਚਦਾ ਹੈ
ਮੈਂ ਆਪਣੇ ਸ਼ਹਿਰ ਨੂੰ ਅਧਛਾਲ ਵਿਚੋਂ ਬੋਚ ਲੈਣਾ ਹੈ
ਉਹਨੂੰ ਕਹਿਣੈਂ
ਅਜੇ ਬੁਝ ਜਾਣ ਦਾ ਵੇਲਾ ਨਹੀਂ ਹੈ
ਮੈਂ ਆਪਣੇ ਸ਼ਹਿਰ ਨੂੰ
ਵਾਪਸ ਚਲੇ ਜਾਣੈਂ