ਪੰਜਾਬ ਦੇ ਦਰਿਆਵਾਂ ਨੂੰ ਬੇਹੋਸ਼ ਕੀਤਾ ਬਿੱਜਲੀਆਂ ਕੜਕ ਕੇ,
ਚੁੰਧਿਆਂਦੇ ਨੂਰ ਦੀ ਵਰਸ਼ਾ ਝਿੰਮ ਝਿੰਮ ਉਤਰਦੀ,
ਐਪਰ ਮਦਹੋਸ਼ ਦਰਿਆਵਾਂ ਨੂੰ ਉਸ ਦੀ ਸਾਰ ਨ।
ਕੁਝ ਗਾਂਵਦੇ, ਝਮਕਦੇ ਅਰਸ਼ ਤੋਂ ਆਂਵਦੇ ਹੜ੍ਹਾਂ ਦੇ ਹੇਠ
ਪੰਜਾਬ ਦੇ ਦਰਿਆ ਸੌਂ ਰਹੇ—
ਏਸ ਮਹਾਂ ਮਦਹੋਸ਼ੀ ਨੂੰ ਚੀਰ
ਬਾਜ਼ ਦੇ ਵਾਂਗ ਉੱਡਿਆ ਪੰਜਾਬ ਦੇ ਪੁੱਤਰ ਦਾ ਗੀਤ
ਤੇਗਾਂ ਦੀ ਛਾਂ ਵਿਚ ਨੱਚਦਾ !
ਲੱਖ ਰਤਨਾਂ, ਹੀਰੇ ਜਵਾਹਰਾਂ ਦੇ ਪਰਬਤ
ਵਜਦ ਦੀ ਅੰਨ੍ਹੀ ਹਨ੍ਹੇਰੀ ਦੇ ਸਾਹਮਣੇ
ਚੰਘਿਆੜਕੇ ਮਹਾਂ ਨਿਵਾਸ਼ ਵਿਚ ਢੱਠੇ;
ਏਸ ਤੂਫ਼ਾਨ ਦੇ ਮੰਥਨ ਚੋਂ
ਪੰਜਾਬ ਦਾ ਪੁੱਤਰ ਜਨਮਿਆ।
ਯਾਦ ਆਂਵਦੇ ਮੈਨੂੰ ਭਗਤ ਸਿੰਘ ਦੇ ਵੇਲੇ-
ਪਈ ਯਾਦ ਆਵੇ
ਫਾਂਸੀਆਂ ਨੂੰ ਚੁੰਮ੍ਹਦੇ ਬਲੀ ਦੀ।
ਪਿਆ ਯਾਦ ਆਵੇ
ਸਮੇਂ ਦੇ ਸ਼ਾਹਾਂ ਨੂੰ ਓਸ ਦਾ ਦਿੱਤਾ ਜੁਆਬ।
ਪਿਆ ਯਾਦ ਆਵੇ
ਓਸ ਦੇ ਗੀਤਾਂ ਦਾ ਨਾਦ-
ਯਾਦ ਆਵਣ ਓਸਦੀ ਅਣਖ਼ ਦੇ ਬੋਲ !
ਤੇਗਾਂ ਦੀ ਛਾਂ ਥੱਲੇ
ਵਲ ਕਚਹਿਰੀਆਂ ਗਾਂਵਦਾ ਆਵੇ
ਭਗਤ ਸਿੰਘ ਸ਼ੇਰ ਪੰਜਾਬ ਦਾ ਲਾਡਲਾ-
ਮੌਤ ਤੋਂ ਅੱਗੇ ਨਿਕਲਿਆ
ਉਸ ਦੇ ਗੀਤ ਦਾ ਕਾਫ਼ਲਾ—
ਤੇਗਾਂ ਦੀ ਧਾਰ ਵਲ ਹੁਸਨ ਨੱਚਦਾ ਆਇਆ
ਆਉਂਦੇ ਜੱਲਾਦ ਗਾਂਵਦੇ ਨਾਲ ਹੀ।
ਤੇਗ ਨੂੰ ਕਿਸ ਨੇ ਆਵਾਜ਼ ਮਾਰੀ ?
ਸਭ ਜੱਲਾਦ ਹੈਰਾਨ ਹੋ ਵੇਖਦੇ !!
- - - - - - - -
- - - - - - - -
ਆ ਵੀਰ ਭਗਤ ਸਿੰਘ
ਫੇਰ ਆ ਪੰਜਾਬ ਦੀ ਧਰਤੀ ਤੇ-
ਫਾਂਸੀ ਨੂੰ ਚੁੰਮ੍ਹਦੇ ਨਜ਼ਾਰਿਆਂ ਨੂੰ
ਇਕ ਵਾਰ ਫਿਰ ਆਬਾਦ ਕਰ
ਪੰਜਾਬ ਦੀ ਗ਼ਰੀਬ ਧਰਤੀ ਤੇ—
ਸੁਰਖ ਭਖਦੇ ਲੋਹੇ ਜਿਹਾ
ਕੋਈ ਅੱਥਰੂ ਬਖ਼ਸ਼ ਖਾਂ
ਇਸ ਬਦਨਸੀਬ ਪੰਜਾਬ ਨੂੰ।
ਜ਼ਰਾ ਚਮਕ ਸਮੇਂ ਦੀ ਧੂੜ ਦੇ ਹੇਠੋਂ
ਪਰਲੋਂ ਦੀ ਪੀਂਘ ਪਾ ਖਾਂ ਸਾਡੀ ਰੱਤ ਵਿਚ।
ਰਾਂਗਲੀ ਨਾਰਾਂ ਦੇ ਹੁਸਨ ਚੋਂ
ਸਾਉਣ ਮਾਹ ਦੀਆਂ ਬਿੱਜਲੀਆਂ ਵਾਂਗੂੰ
ਪੀਂਘਾਂ ਨੂੰ ਤੋੜਦਾ ਨਿਕਲ ਖਾਂ।
ਆ ਦਰਬਾਰ ਵਿਚ ਜ਼ਰਾ
ਸੂਰਜ ਦੇ ਵਾਂਗ ਤਪਦਾ,
ਆਪਣੇ ਬੇਪ੍ਰਵਾਹ ਅੰਦਾਜ਼ ਵਿਚ ਗਾ ਕੇ
ਆਬ ਮੇਟ ਦੇ ਸਾਰੀ ਸਮੇਂ ਦੇ ਸ਼ਾਹਾਂ ਦੀ-
ਫ਼ਤਿਹ ਦਾ ਗੀਤ ਮੁੜ ਤਾੜੀ ਮਾਰ ਕੇ ਹੱਸੇ
ਜੱਲਾਦ ਖਸਿਆਣਾ ਹੋ ਵੇਖੋ ਜ਼ਿਮੀਂ ਵਲ।
ਗੀਤ ਦੀ ਜ਼ੰਜਰ ਦੇ ਨਾਲ
ਪਾੜ ਦੇ ਸ਼ਬਦ-ਨਾਦ ਦਾ ਸੀਨਾ !
ਲਹੂ ਹੀ ਲਹੂ ਕਰਦੇ ਆਵਾਜ਼ ਨੂੰ,
ਲਹੂ ਹੀ ਲਹੂ ਕਰਦੇ ਕਾਇਨਾਤ ਨੂੰ !!
ਸਮੇਂ ਵੀਰਾਨ ਕੀਤੇ
ਹਰ ਨਜ਼ਾਰਾ ਹੋ ਗਿਆ ਅਹੱਲਿਆ ਦਾ ਪੱਥਰ
ਬੇਸ਼ੁਮਾਰ ਬਗ਼ਾਵਤਾਂ ਦੀ ਤਿੜਕੀ ਖੋਪਰੀ—
ਇਹ ਸਭ ਪੜਦੇ ਪਾੜ ਕੇ
ਖ਼ੂਨਖਾਰ ਲਹੂ ਦੀ ਅੱਗ ਉਛਾਲ ਖਾਂ।
ਉਦਾਸ ਖੇਤਾਂ ਦੇ ਅੰਦਰ
ਸਾਂਝਾਂ ਦੀ ਤਮੀਜ਼ ਨੂੰ ਭੁੱਲੇ ਮੁਲਕ ਅੰਦਰ
ਗੀਤਾਂ ਨੂੰ ਸਿਕਦੇ ਪੋਠੋਹਾਰ ਅੰਦਰ
ਪੱਥਰ ਹੋਏ ਅਖਾੜਿਆਂ ਅੰਦਰ
ਤੂੰ ਜ਼ਰਾ ਝੁੱਲਦਾ ਆ ਖਾਂ
ਵੀਰਾਨ ਸਮੇਂ ਦੇ ਅੰਦਰ
ਸਾਉਣ ਮਾਹ ਦੀਆਂ ਝੜੀਆਂ ਦੇ ਵਾਂਗੂੰ।
ਪਿੱਪਲਾਂ ਦੀ ਗੂੰਜ ਪਾਉਂਦਾ
ਇਨਕਲਾਬ ਜ਼ਿੰਦਾਬਾਦ' ਦੇ ਝੱਖੜਾਂ ਅੰਦਰ
ਸੂਰਜਾਂ ਦੇ ਕਾਫ਼ਲੇ ਰੋਲਦਾ,
ਆ ਖਾਂ ਕਹਿਰ ਦੇ ਸਿਖਰ ਦੁਪਹਿਰੇ ਨੂੰ ਲੈ ਕੇ।
ਪਾਕ ਦੀਨ ਦੀ ਹਉਂ ਨੂੰ ਮੇਟ ਕੇ
ਸੱਚੇ ਧਰਮ ਦੇ ਐਬ ਨੂੰ ਤੋੜ ਕੇ
ਜ਼ਰਾ ਚਮਕਾ ਸੂਰਜ ਦੇ ਵਾਂਗ
ਪੰਜ ਦਰਿਆਵਾਂ ਦਾ ਨਾਮ ਚੰਘਿਆੜਦਾ-
ਸ਼ਮਸ਼ੀਰਾਂ ਦੇ ਜਸ਼ਨ ਦਾ ਭਰਿਆ ਪਿਆਲਾ
ਪੰਜਾਬ ਦੇ ਬੁੱਲ੍ਹਾਂ ਨਾ' ਲਾ ਦੇ।
ਉਹ ਸੁਆਦ
ਜੋ ਫਾਂਸੀ ਦੇ ਰੱਸੇ ਨੂੰ ਚੁੰਮ੍ਹਦਿਆਂ ਚੱਖਿਆ
ਉਸ ਤਲਖ ਉਡਦੇ ਨਸ਼ੇ ਦੇ ਨਾਲ
ਬੇਲਿਆਂ 'ਚ ਫਿਰਦਾ ਪੰਜਾਬ ਤੜਪਾ ਦੇ;
ਤੇਗਾਂ ਦੀ ਛਾਂ ਹੇਠ ਗੀਤ ਜੋ ਗਾਇਆ
ਪੰਛੀਆਂ ਦੀ ਚੁੰਝ ਨਾਲ ਜ਼ਹਿਰ ਉਹ ਲਾ ਦੇ।