ਸ਼ਾਇਦ ਕਿਤੇ ਨਹੀਂ

ਉਸ ਦੀ

ਉਡੀਕ ਹੈ ਮੈਨੂੰ

ਉਹ ਜੋ ਸ਼ਾਇਦ ਕਿਤੇ ਨਹੀਂ

 

ਧਰਤੀ ਦੇ ਕਿਸੇ ਕੋਨੇ ’ਚ

ਆਕਾਸ਼ ਦੀ ਕਿਸੇ ਨੁੱਕਰ ’ਚ

ਕਿਸੇ ਦਿਸਹੱਦੇ

ਕਿਸੇ ਖਿਲਾਅ ਵਿੱਚ

ਕਿਤੇ ਵੀ ਨਹੀਂ ਜੋ

ਉਸ ਦਾ

ਕਰ ਰਿਹਾ ਹਾਂ ਇੰਤਜ਼ਾਰ

 

ਮੇਰੀ ਭਟਕਣ ਨੂੰ ਪਰ

ਸਿਰਫ਼ ਉਹੀ ਹੈ ਪਛਾਣਦੀ

ਉਸ ਕੋਲ ਹੈ

ਮੇਰੀ ਸਾਰੀ ਉਦਾਸੀ ਦਾ ਇਲਾਜ

ਉਹੀ ਹੈ ਇੱਕ ਦੁਨੀਆਂ ’ਚ

ਜੋ ਮੈਨੂੰ ਚੰਗੀ ਤਰ੍ਹਾਂ ਸਿਆਣਦੀ

 

ਮੈਂ ਉਸ ਨੂੰ ਲੱਭਦਾ

ਹਰ ਔਰਤ ਵਿੱਚ

ਮੈਂ ਤਲਾਸ਼ਦਾ ਉਸਨੂੰ

ਹਰ ਨਾਰੀ ਦੇ ਮਨ ਦੀ

ਕਿਸੇ ਨੁੱਕਰ ਵਿੱਚ

ਹਰ ਔਰਤ ਦੇ ਤਨ ਦੇ ਕਿਸੇ ਕੋਨੇ ’ਚ

ਮੈਨੂੰ ਲੱਗਦਾ

ਕਿ ਕਿਸੇ ਨਾ ਕਿਸੇ ਔਰਤ ਵਿੱਚ

ਕਿਤੇ ਨਾ ਕਿਤੇ ਤਾਂ ਜ਼ਰੂਰ

ਵਸਦੀ ਹੋਵੇਗੀ ਉਹ

 

ਮੈਂ ਥਾਂ ਕੁਥਾਂ ਲੱਭਦਾ

ਮੈਂ ਥਾਂ ਕੁਥਾਂ ਭਟਕਦਾ

ਪਰ ਉਸ ਦਾ ਕੁਝ ਹਿੱਸਾ

ਕਿਤੇ ਮਿਲਦਾ

ਉਸ ਦਾ ਕੁਝ ਹਿੱਸਾ ਕਿਤੇ ਲੱਭਦਾ

ਪਰ ਉਹ ਕਿਤੇ ਵੀ

ਮੁਕੰਮਲ ਨਹੀਂ

ਉਹ ਕਿਤੇ ਵੀ ਦਿਸਦੀ ਨਹੀਂ ਪੂਰੀ

ਜੇ ਲੱਭਦੀ ਕਿਤੇ

ਤਾਂ ਹਰ ਥਾਂ ਅਧੂਰੀ

 

ਇਹ ਅਧੂਰੀ ਰਹਿ ਗਈ ਪਿਆਸ

ਮੇਰੇ ਮਨ ਨੂੰ ਹੋਰ ਬੇਚੈਨ ਕਰਦੀ

ਹਰ ਥਾਂ ਤੇ ਇਕ ਹਾਰ

ਮੇਰੇ ਮਨ ਵਿੱਚ ਹੋਰ ਪਿਆਸ ਭਰਦੀ

ਮੈਂ ਆਪਣੇ ਵਿਆਕੁਲ ਮਨ ਨੂੰ ਸਮਝਾਉਂਦਾ

ਝੂਠੇ ਜਿਹੇ ਲਾਰੇ ਵਿੱਚ ਵਰਚਾਉਂਦਾ

ਕਿ ਇਸ ਭਰੀ ਦੁਨੀਆ ਵਿੱਚ

ਕਿਤੇ ਤਾਂ ਹੋਵੇਗੀ ਉਹ

 

ਪਰ ਜਾਣਦਾ ਹਾਂ ਮੈਂ

ਕਿ ਕਿਤੇ ਨਹੀਂ ਉਹ

 

ਜਿਸ ਦੀ ਉਡੀਕ ਹੈ ਮੈਨੂੰ

ਜਿਸ ਦਾ ਕਰ ਰਿਹਾ ਹਾਂ ਇੰਤਜ਼ਾਰ।

📝 ਸੋਧ ਲਈ ਭੇਜੋ