ਸ਼ਕਲ ਅਨਾਦਿ ਝਿਮੀ ਵਿਚ ਖੰਡਾਂ
ਰੋਹ ਬਾਜ਼ਾਂ ਦਾ ਛਿੜਿਆ,
ਚੀਖ ਅਸੰਖ ਜਨਮ ਦੀ ਡਾਢੀ
ਚਰਖ ਮਗਨ ਹੋ ਫਿਰਿਆ।
ਮਗਨ ਨਜ਼ਰ ਬਾਜ਼ਾਂ ਦੀ ਡੁੱਬੀ
ਛੋਹ ਮਜ਼ਲੂਮ ਹਵਾਵਾਂ,
ਲਹੂ ਜਿਨ੍ਹਾਂ 'ਤੇ ਬਹਿ ਜਨਮਾਂ ਦਾ
ਰੋ ਰੋ ਕਰੇ ਦੁਆਵਾਂ।
ਜੜ੍ਹ-ਆਵਾਜ਼ ਸਿਖਰ ਕੁਰਲਾਈ
ਨਾਲ ਦੁਆ ਟਕਰਾ ਕੇ,
ਜਨਮ ਵਿਛੁੰਨੇ, ਮੌਤ ਵਿਛੁੰਨੀ,
ਜੜ੍ਹ-ਆਵਾਜ਼ ਨੂੰ ਪਾ ਕੇ।
ਪੀਲੇ ਪੱਤਰਾਂ ਦੇ ਵਣ ਮਾਰੀ
ਲਹੂ ਉਗਲ ਕਿਲਕਾਰੀ,
ਅਜ਼ਰਾਈਲਾਂ ਦੇ ਲੋਹ-ਪੰਜੇ ਦੀ
ਖਿਣ ਖਿਣ ਜੋਤ ਖਿਡਾਰੀ।
ਪਾਟੀ ਚੀਖ, ਸਿਖਰ ਹੈ ਕਿਹੜਾ ?
ਰੋ ਰੋ ਚੜ੍ਹਣ ਅਜ਼ਾਨਾਂ,
ਜੋ ਮਜ਼ਲੂਮ ਧਰਤ ਦੇ ਪਾਣੀ
ਚੁੰਮ੍ਹੇ ਲਾ-ਮਕਾਨਾਂ।
ਅਰਸ਼-ਨਾਭ ਵਿਚ ਕੰਕਰ ਭਖਦੇ
ਕਿਸ ਤੋਂ, ਕੌਣ ਵਿਛੁੰਨੇ ?
ਹਰ ਇਕ ਤਾਰੇ ਦਾ ਮਨ ਅੱਪਣਾ
ਡੂੰਘੀ ਚੁੱਪ ਹੋ ਰੁੰਨੇ।
ਡੂੰਘੀ ਚੁੱਪ ਪਤਾਲ ਦੇ ਸੀਨੇ
ਜਾਂ ਸੂਲੀ ਅਸਮਾਨਾਂ,
ਜਿਥੇ ਹੈ ਮਜ਼ਲੂਮ ਹੈ ਓਥੇ,
ਚੁੱਪ-ਜ਼ੰਜੀਰ 'ਚ ਜਾਨਾਂ।
ਘੁੱਟਿਆ ਲਹੂ ਕਿਸੇ ਹਰਿਆਵਲ
ਬਾਲ ਗੁਨਾਹ ਦੀਆਂ ਸੀਖਾਂ,
ਵਗ ਵਗ ਗਏ ਨੀਰ ਛੱਡ ਰੇਤਾਂ
ਛੱਡ ਕੇ ਸੁੰਨੀਆਂ ਚੀਕਾਂ।
ਭਾਰਾ ਤਾਲ ਅਗਨ ਦਾ ਕਟਕੇ
ਵਣ ਦੀ ਨਾਭ ਹਿਲਾਵੇ,
ਪੀਂਹਦੇ ਦੰਦ ਨਾਗ ਦੀ ਚੋਟੀ
ਕੋਈ ਬਾਜ਼ ਚਕਰਾਵੇ।
ਕੁਝ ਪੈੜਾਂ ਤੱਕ ਬੇਬੱਸ ਅੰਬਰ
ਪਿੰਡ ਪਿੰਡ ਹੰਭ ਹੰਭ ਰੋਏ,
ਚੜ੍ਹੇ ਘੋਰ ਕੁਹਰਾਮਾਂ ਸਾਹਮੇ
ਛਿਪ ਗਈ ਜੁਗਨੂੰ ਲੋਏ।
ਸਬਰ ਦੀ 'ਵਾਜ ਮੁੜੀ, ਤੇ ਮੁੜ ਗਏ
ਫ਼ਰਿਹਾਦਾਂ ਦੇ ਤੇਸੇ;
ਸੁੰਨ ਪਹਾੜ ਦੀ ਕਾਇਆਂ ਛਿਪ ਗਈ
ਬੇ-ਯਾਰ ਪਏ ਪੇਸ਼ੇ।
ਬੇ-ਯਾਰ ਪਰਬਤ ਦੇ ਕਦਮੀਂ
ਬੁੱਤ ਰੋਹੀਆਂ ਦਾ ਸੁੰਨਾ,
ਬੇ-ਦੀਨ ਨਦੀਆਂ ਦੇ ਜਲ ਤੋਂ
ਤੇਸਾ ਕੋਈ ਵਿਛੁੰਨਾ ।
ਤਾਲ ਘੁੱਪ ਆ ਖੜਾ ਪੈੜ 'ਤੇ
ਆ ਕੋਈ ਤੇਸਾ ਮਾਰੇ,
ਪਾਣੀ ਨਦੀਆਂ ਦੇ ਰੁਕ ਖੜ੍ਹ ਗਏ
ਲੰਮੇ ਸਬਰ ਸਹਾਰੇ।
ਸ਼ਕਲ ਅਨਾਦਿ ਝਿਮੀ ਵਿਚ ਖੰਡਾਂ
ਰੋਹ ਬਾਜ਼ਾਂ ਦਾ ਛਿੜਿਆ,
ਵਣਾਂ ਦੀ ਹਰਿਆਵਲ ਦਾ ਗਾਨਾ
ਹਸ਼ਰਦੇ ਬੂਹੇ ਖਿੜਿਆ।