‘ਜੋਬਨ ਵੈਂਦਾ ਏ ਢੱਲਿਆ। 

ਸੁਣੀਂ ਯਾਰ ਦਿਆ ਛੱਲਿਆ।

ਸੰਞਾਂ ਫ਼ਜਰਾਂ ਦੁਪਹਿਰਾਂ ਦੀ ਵਾਟ ਵੇ 

ਲੰਮੀ ਲੰਮੀ ਥਲਾਂ ਦੀ ਰਾਤ ਵੇ 

ਕੰਧੀ ਸੁਣੇ ਝਨਾਂ ਦੀ ਨਾਅਤ ਵੇ -

ਪਾਂਧੀ ਕੌਣ ਅਰਬ ਵਲ ਚੱਲਿਆ ? 

ਜੋਬਨ ਵੈਂਦਾ ਏ ਢੱਲਿਆ।

ਵੱਗਣ ਵੱਗਣ ਰਾਵੀ ਝਨਾਂ ਵੇ

ਲੰਮੀ ਲੰਮੀ ਖਜੂਰਾਂ ਦੀ ਛਾਂ ਵੇ 

ਪਈਆਂ ਲੈਣ ਕੋਈ ਮਿੱਠੜਾ ਨਾਂ ਵੇ– 

ਅਸਾਂ ਬੇ-ਪਰਵਾਹੀਆਂ ਨੂੰ ਝੱਲਿਆ, 

ਸੁਣੀਂ ਯਾਰ ਦਿਆ ਛੱਲਿਆ। 

ਜੋਬਨ ਵੈਂਦਾ ਏ ਢੱਲਿਆ।

ਉੱਡੇ ਸਿੰਧ ਤੋਂ ਪਾਰ ਕੋਈ ਕੂੰਜ ਵੇ, 

ਹਿਜਰ-ਵਸਲ ਦੀ ਪੂਰੇ ਜਹੀ ਊਂਘ ਵੇ 

ਪਿਆਸ ਧਰਤ ਦੀ ਫੜੀ ਇਕ ਬੂੰਦ ਵੇ 

ਪੀਂਘਾਂ ਪੈਂਦੀਆਂ ਬਾਗ਼ ਕੋਈ ਛੱਲਿਆ— 

ਸੁਣੀਂ ਯਾਰ ਦਿਆ ਛੱਲਿਆ। 

ਜੋਬਨ ਵੈਂਦਾ ਏ ਢੱਲਿਆ।

ਮੰਗੂ ਭਾਲਦੇ ਡੰਡੀਆਂ ਥਾਂ ਵੇ 

ਸੱਦਾ ਦੇਂਵਦੀ ਵੰਝਲੀ ਮਾਂ ਵੇ 

ਕਿੰਨੇ ਡੁੱਬ ਗਏ ਹੜ੍ਹਾਂ ਵਿਚ ਨਾਂ ਵੇ ! 

ਰੂਹਾਂ ਬੋਲ ਦਰਮਾਂਦੀਆਂ ਘੱਲਿਆ- 

ਜੋਬਨ ਵੈਂਦਾ ਏ ਢੱਲਿਆ।

ਢੋਕਾਂ ਉੱਤੇ ਨੇ ਉੱਡਦੇ ਬਾਜ਼ ਵੇ 

ਤ੍ਰਿਣ ਦੱਸੇ ਵਣ-ਅਗਨ ਦੇ ਰਾਜ਼ ਵੇ 

ਸਿਹਰ ਪਾਉਣ ਕਈ ਬਾਰ ਦੇ ਨਾਜ਼ ਵੇ— 

ਤੂੰ ਕੀ ਦੇਸ ਬਿਗਾਨੜਾ ਮੱਲਿਆ ! 

ਸੁਣੀਂ ਯਾਰ ਦਿਆ ਛੱਲਿਆ। 

ਜੋਬਨ ਵੈਂਦਾ ਏ ਢੱਲਿਆ।

ਡੂਗਰ ਥਲਾਂ ਵਿਚ ਵਿਸੁ ਕੁਈ ਘਣੀ ਵੇ 

ਮੈਂਡੇ ਦਰਦ ਵਿਚ ਤੈਂਡੀ ਹੀ ਅਣੀ ਵੇ 

ਡਿੱਗੇ ਅੰਬਰਾਂ ਤੋਂ ਇਕ ਕਣੀ ਵੇ– 

ਦਾਵਾ ਅਗਨ ਵਿਚ ਖੰਭ ਨ ਜੱਲਿਆ। 

ਸੁਣੀਂ ਯਾਰ ਦਿਆ ਛੱਲਿਆ। 

ਜੋਬਨ ਵੈਂਦਾ ਏ ਢੱਲਿਆ।

ਵਣ ਕੰਬਿਆ ਫਿਰੇ ਪਈ ਰੁੱਤ ਵੇ, 

ਘੁੱਟੀ ਬੂਟਿਆਂ ਰੰਗਾਂ ਦੀ ਮੁੱਠ ਵੇ, 

ਸਾਵਨ ਦੂਰ ! ਨ ਚੇਤਰ ਦੀ ਧੁੱਪ ਵੇ-

ਤੁਰ ਗਏ ਕਾਫ਼ਲੇ, ਮਾਹੀ ਨ ਰੱਲਿਆ। 

ਜੋਬਨ ਵੈਂਦਾ ਏ ਢੱਲਿਆ।

ਹਾਥੀ ਊਂਘਦੇ ਸੰਘਣੇ ਵਣੀਂ ਵੇ 

ਦੁੱਧ ਉਤਰਿਆ ਸ਼ੀਹਣੀ ਦੇ ਥਣੀਂ ਵੇ, 

ਮਸਤ ਨਾਗ ਪਏ ਦੇਖਦੇ ਮਣੀ ਵੇ– 

ਖੱਲੀਂ ਖੱਲੀਂ ਵੇ ਪਾਂਧੀਆ ’ਕੱਲਿਆ। 

ਜੋਬਨ ਵੈਂਦਾ ਏ ਢੱਲਿਆ।

ਜਿਹੜਾ ਚਿਰਾਂ ਤੋਂ ਤੈਂਡਾ ਗਵਾਹ ਵੇ 

ਰੋਹੀਆਂ ਘੇਰਿਆ ਉਹੀਓ ਹੀ ਸਾਹ ਵੇ, 

ਫਲਾਂ ਫੁੱਲਾਂ ਨੂੰ ਸਾੜਦੀ ਹਾ ਵੇ, 

ਕੰਧੀ ਨੈਂ ਦੀ ਮਿਰਗ ਨੂੰ ਸੱਲ੍ਹਿਆ— 

ਸੁਣੀਂ ਯਾਰ ਦਿਆ ਛੱਲਿਆ। 

ਜੋਬਨ ਵੈਂਦਾ ਏ ਢੱਲਿਆ।

📝 ਸੋਧ ਲਈ ਭੇਜੋ