ਸ਼ਾਮ ਦੀ ਨਾ ਸਵੇਰ ਦੀ ਗੱਲ ਹੈ,
ਵਕਤ ਦੇ ਹੇਰ ਫੇਰ ਦੀ ਗੱਲ ਹੈ।
ਕੀ ਕੀ ਕੀਤੇ ਸੀ ਕੌਲ ਆਪਾਂ ਵੀ,
ਯਾਦ ਨਹੀਂ, ਬਹੁਤ ਦੇਰ ਦੀ ਗੱਲ ਹੈ।
ਏਥੇ ਬਣਨੀ ਨਹੀਂ ਸੀ ਗੱਲ ਆਪਣੀ,
ਏਥੇ ਤਾਂ ਤੇਰ ਮੇਰ ਦੀ ਗੱਲ ਹੈ।
ਤੇਰੇ ਚਿਹਰੇ ਦਾ ਜ਼ਿਕਰ ਹੋਇਆ ਸੀ,
ਲੋਕ ਸਮਝੇ ਸਵੇਰ ਦੀ ਗੱਲ ਹੈ।
ਮੈਨੂੰ ਤੇਰਾ ਮੁਹਾਂਦਰਾ ਭੁੱਲਿਆ,
ਸੋਚ, ਕਿੰਨੇ ਹਨੇਰ ਦੀ ਗੱਲ ਹੈ।
ਆਪਣੇ ਘਰ ਵਿਚ ਹੀ ਘਿਰ ਗਿਆ ਹਾਂ ਮੈਂ,
ਹੋ ਗਈ ਜ਼ਬਰ ਜ਼ੇਰ ਦੀ ਗੱਲ ਹੈ।
ਕਿਹੜੀ ਸਭਿੱਤਾ ਦੀ ਬਾਤ ਪਾਉਂਦੇ ਹੋ,
ਕਿਹੜੇ ਮਿੱਟੀ ਦੇ ਢੇਰ ਦੀ ਗੱਲ ਹੈ।