ਸ਼ਾਮ ਪਵੇ ਤੇ ਬਾਲ ਕੇ ਦੀਵੇ

ਸ਼ਾਮ ਪਵੇ ਤੇ ਬਾਲ ਕੇ ਦੀਵੇ ਨ੍ਹੇਰਿਆਂ ਦਾ ਸਾਹ ਘੁੱਟੋ ਲੋਕੋ

ਵਸ ਲੱਗੇ ਤੇ ਹਸਦੇ ਚਾਨਣ ਪਰਦੇਸੀ ਨੂੰ ਲੁੱਟੋ ਲੋਕੋ

ਬਿਟ ਬਿਟ ਤੱਕਦੇ ਵਧਦੇ ਘਟਦੇ ਜਾਪਦੇ ਪਰਛਾਵਿਆਂ ਵਾਂਗੂੰ,

ਕਾਹਦੀ ਚੁੱਪ ਸੱਪ ਸੁੰਘਿਆ ਜੇ ਕੁਝ ਤੇ ਮੂੰਹੋਂ ਫੁੱਟੋ ਲੋਕੋ

ਅਸਾਂ ਤੇ ਬਲਖ਼ ਦੀ ਛੱਡਕੇ ਸ਼ਾਹੀ ਰੂਪ ਨਗਰ ਦੀ ਲਈ ਫ਼ਕੀਰੀ,

ਭਾਵੇਂ ਨੈਣੀਂ ਕਜਲਾ ਕਰ ਲਉ ਭਾਵੇਂ ਖ਼ਾਕ ਤੇ ਸੁੱਟੋ ਲੋਕੋ

ਜਿਉਂ ਵਗਦੇ ਦਰਿਆ ਦੀ ਹਿੱਕ ਤੇ ਲਹਿਰਾਂ ਇਕਮਿਕ ਹੋਕੇ ਜਾਵਣ,

ਦੋ ਰੂਹਾਂ ਇਉਂ ਮਿਲ ਗਈਆਂ ਨੇ ਜਿਸਮਾਂ ਨੂੰ ਪਏ ਕੁੱਟੋ ਲੋਕੋ

ਯਾਰੀ ਦੇ ਅਣਬੱਧੇ ਫੁੱਲ ਨੂੰ ਸ਼ਾਖ਼ੋਂ ਤੋੜ ਕੇ ਹੱਸਣ ਵਾਲਿਉ,

ਲੂੰ ਲੂੰ ਇਹ ਆਵਾਜ਼ਾ ਦੇਵੇ ਸ਼ਾਲਾ ਤੁਸੀਂ ਵੀ ਟੁੱਟੋ ਲੋਕੋ

ਮੈਂ ਇਕ ਹਸਦੀ ਹੋਈ ਹਿਆਤੀ ਦੇ ਸੁਫ਼ਨੇ ਕਿਉਂ ਵੇਖਦਾ ਰਹਿਣਾ,

ਸੋਚਾਂ ਤੇ ਕੋਈ ਪਹਿਰਾ ਲਾਉ ਫ਼ਿਕਰਾਂ ਦਾ ਗਲ ਘੁੱਟੋ ਲੋਕੋ

📝 ਸੋਧ ਲਈ ਭੇਜੋ