ਸ਼ਾਮ ਸਿੰਘ ਅਟਾਰੀ ਵਾਲੇ ਦੀ ਵਿਦਾਇਗੀ

ਸ਼ਾਮ ਸਿੰਘ ਸਰਦਾਰ ਨੇ, ਛੱਡ ਪਿੰਡ ਅਟਾਰੀ 

ਤੱਕਿਆ ਦੇਸ ਪੰਜਾਬ ਨੂੰ, ਫਿਰ ਜਾਂਦੀ ਵਾਰੀ, 

ਚਿੱਟੇ ਘੋੜੇ ਬੈਠ ਕੇ, ਹੱਸ ਫ਼ਤਿਹ ਗੁੰਜਾਰੀ 

ਤੱਕ ਲਾਹੌਰ ਨੂੰ ਹੋਇਆ, ਜਲ ਅੱਖੀਉਂ ਜਾਰੀ॥੧॥ 

ਸੂਰਜ ਛਿਪਦੇ ਵਾਂਗ ਹੀ, ਇਕ ਨਜ਼ਰ ਪਿਆਰੀ 

ਸੁੱਟ ਕੇ ਦੇਸ ਪੰਜਾਬ ਤੇ, ਚੁੱਕ ਤੇਗ ਦੁਧਾਰੀ 

ਮਹਾਂ ਬਲੀ ਨੂੰ ਯਾਦ ਕਰ, ਰਣ ਯੋਧਾ ਭਾਰੀ 

ਚੱਲਿਆ ਦੇਸ ਪੰਜਾਬ ਤੋਂ, ਵੱਡ ਤੇਗ ਜੁਝਾਰੀ॥੨॥

ਮੈਂ ਦੱਰੇ ਖ਼ੈਬਰ ਤੀਕਰਾਂ, ਪਿਆ ਵਾਜਾਂ ਮਾਰਾਂ 

ਸਾਡੀ ਫ਼ਤਿਹ ਬੁਲਾਈ ਮੰਨਣੀ, ਅੱਜ ਅੰਤਮ ਵਾਰਾਂ 

ਖੜ੍ਹ ਹਰੀ ਸਿੰਘ ਦੇ ਖ਼ੂਨ ਨੂੰ, ਇਕ ਅਰਜ਼ ਗੁਜ਼ਾਰਾਂ

ਤੁਸਾਂ ਲਾਜ ਤੇਗ ਦੀ ਰੱਖਣੀ, ਮੰਨ ਵੀਰ ਪਿਆਰਾਂ, 

ਦਿੱਤਾ ਖ਼ੂਨ ਪੰਜਾਬ ਨੂੰ, ਲੱਖ ਸ਼ਾਹ ਸਵਾਰਾਂ 

ਤੱਕ ਮੌਤ ਨੂੰ ਗਾਉਂਦਿਆਂ ਲੜੇ ਨੇ, ਘਮਸਾਨ ਹਜ਼ਾਰਾਂ, 

ਮੈਂ ਸਤਲੁਜ ਕੰਢੇ ਜਿੰਦੜੀ, ਸੌ ਵਾਰੀ ਵਾਰਾਂ 

ਉਸ ਬਾਜਾਂ ਵਾਲੇ ਗੁਰੂ ਦਾ, ਜਦ ਨਾਮ ਚਿਤਾਰਾਂ॥੩॥ 

ਸੂਰਜ ਵਾਂਗੂੰ ਚਮਕਦਾ, ਸਰਦਾਰ ਸ਼ਹੀਦਾਂ 

ਦੱਰੇ ਖ਼ੈਬਰ ਤੀਕਰਾਂ, ਕਰ ਲੱਖ ਉਮੀਦਾਂ 

ਤੁਰਿਆ ਬਲੀ ਪੰਜਾਬ ਦਾ, ਲੈ ਮੁਲਖੀਂ ਦੀਦਾਂ- 

ਤੇਗਾਂ ਰੋ ਕੇ ਚੁੰਮੀਆਂ, ਦਸ਼ਮੇਸ਼ ਮੁਰੀਦਾਂ 

ਖੈਰਾਂ ਮੰਗ ਕੇ ਚੱਲਿਆ, ਸਰਦਾਰ ਸ਼ਹੀਦਾਂ॥੪॥

ਬੰਨ੍ਹਿਆਂ ਗਾਨਾ ਮੌਤ ਦਾ, ਸਰਦਾਰ ਪੰਜਾਬੀ 

ਅੱਖੀਂ ਤੇਗ ਦਾ ਚਮਕਿਆ, ਮਦ ਖ਼ੂਨ ਉਨਾਬੀ 

ਪੰਜੇ ਉਂਗਲਾਂ ਕੜਕਿਆ, ਚੜ ਜ਼ੋਰ ਉਕਾਬੀ 

ਰਗ ਰਗ ਅੰਦਰ ਧਾੜਿਆ, ਰਣ-ਖ਼ੂਨ ਅਜ਼ਾਬੀ॥੫॥

ਤੱਕਿਆ ਫੇਰ ਪੰਜਾਬ ਨੂੰ, ਉਸ ਜਾਂਦੀ ਵਾਰੀ— 

ਧੀਆਂ ਵਾਂਗੂੰ ਆਣ ਕੇ, ਸਰਦਾਰ ਨੂੰ ਪਿਆਰੀ 

ਧਾਹ ਲੱਗੀ ਗਲੇ ਪੰਜਾਬ ਦੀ, ਉਹ ਧਰਤੀ ਸਾਰੀ— 

ਘੋੜੇ ਉੱਤੋਂ ਉਤਰਿਆ, ਸਰਦਾਰ ਜੁਝਾਰੀ 

ਤੇਗ ਦੀ ਨੋਕ ਤੇ ਤੋਲ ਕੇ, ਕੋ ਹੰਝੂ ਭਾਰੀ

ਮਸਤਕ ਧਰ ਤੇ ਰੱਖਿਆ, ਰਣ ਸ਼ਾਹ ਸਵਾਰੀ॥੬॥

📝 ਸੋਧ ਲਈ ਭੇਜੋ