ਸ਼ਮਸ਼ੀਰ ਦਸ਼ਮੇਸ਼ ਦੀ

ਮੇਰੇ ਪਿਆਰੇ ਪੰਥ ਦੇ,

ਹਰਮਨ ਪਿਆਰੇ ਖ਼ਾਲਸਾ।

ਬੈਠੀਂ ਨਾ ਅੱਖਾਂ ਮੀਟ ਕੇ,

ਅੱਖੀਆਂ ਦੇ ਤਾਰੇ ਖ਼ਾਲਸਾ।

ਚਾਨਣ ਛਲਾਵਾ ਸਮਝ ਲੈ,

ਹਾਲੀਂ ਹਨੇਰਾ ਘੂਰਦਾ।

ਤੂਫ਼ਾਨ ਜਿਗਰਾ ਪਰਖਣੈ,

ਹਾਲੀਂ ਤੁਹਾਡੇ ਪੂਰ ਦਾ।

ਨਾਨਕ ਗੁਰੂ ਦੀ ਜੋਤ ਨੇ,

ਘਾਲੀ ਬਥੇਰੀ ਘਾਲਣਾ।

ਧਰਤੀ ਹੈ ਤੇਰਾ ਰੁੱਖੜਾ

ਆਕਾਸ਼ ਤੇਰਾ ਆਲ੍ਹਣਾ।

ਤੇਰੇ ਪਰਾਂ ਤੇ ਬਿਜਲੀਆਂ,

ਕਈ ਵਾਰ ਕੀਤੇ ਖ਼ਾਲਸਾ।

ਸ਼ਮਸ਼ੀਰ ਤੇਰੀ ਨੇ ਸਦਾ ਹੀ,

ਪਾਰ ਕੀਤੇ ਖ਼ਾਲਸਾ।

ਇਹ ਚੰਡਕਾ, ਇਹ ਦੰਡਕਾ,

ਏਸੇ ਹੀ ਵਾਹਰਾਂ ਮੋੜੀਆਂ।

ਏਸੇ ਸਹਾਰੇ ਵਾਰੀਆਂ,

ਪੁੱਤਰਾਂ ਦੀਆਂ ਦੋ ਜੋੜੀਆਂ।

ਲੈ ਕੇ ਲਹੂ ਪ੍ਰਵਾਰ ਦਾ,

ਭੇਟ ਚੜ੍ਹਾਈ ਏਸ ਦੀ।

ਏਸੇ ਨੂੰ ਹੱਥ ਵਿੱਚ ਪਕੜ ਕੇ,

ਇੱਜ਼ਤ ਬਚਾਈ ਦੇਸ ਦੀ।

ਏਸੇ ਦੀ ਤਿੱਖੀ ਨੋਕ ਥੀਂ,

ਲਿਖਦਾ ਰਿਹਾ ਤਕਦੀਰ ਨੂੰ।

ਪ੍ਰਣਾਮ ਮੇਰੀ ਕਲਮ ਦਾ,

ਦਸ਼ਮੇਸ਼ ਦੀ ਸ਼ਮਸ਼ੀਰ ਨੂੰ।

ਆਸਾਂ ਦਾ ਕੇਸਰ ਘੋਲ ਕੇ,

ਮੂੰਹ ਰੰਗਣੈ ਮੈਂ ਦੇਸ਼ ਦਾ।

ਜਿਸ ਦੀ ਸੁਹਾਣੀ ਕੁੱਖ 'ਚੋਂ,

ਹੋਇਐ ਜਨਮ ਦਸ਼ਮੇਸ਼ ਦਾ।

ਜਿਸ ਚਿੜੀ ਨਾਂ ਰੱਖਿਆ ਸੀ,

ਅਮਨ ਦੀ ਮੁਟਿਆਰ ਦਾ।

ਦੇ ਕੇ ਸ਼ਕਤੀ ਰੋਕਿਆ,

ਹਮਲਾ ਸੀ ਅਤਿਆਚਾਰ ਦਾ।

ਬੇਕਸਾਂ ਦੇ ਨੈਣ ਪੂੰਝ ਕੇ,

ਖੁਦ ਲਾਵਾਰਸ ਬਣ ਗਿਆ।

ਵਾਰ ਕੇ ਪੁੱਤਰਾਂ ਨੂੰ ਆਪਣੇ,

ਆਪ ਢਾਰਸ ਬਣ ਗਿਆ।

ਅੱਜ ਵਾਂਗਰ ਸੱਟ ਲਾਈ,

ਫਿਰ ਕਿਸੇ ਕਸ਼ਮੀਰ ਤੇ।

ਹੱਥ ਉਹਦਾ ਜਾ ਪਿਆ ਸੀ,

ਆਪਣੀ ਸ਼ਮਸ਼ੀਰ ਤੇ।

ਪਿਤਾ ਬਾਲਕ ਨਹੀਂ,

ਅੱਜ ਮੈਂ ਬਲਵਾਨ ਹਾਂ।

ਹੁਣ ਨਹੀਂ ਮੈਂ ਗੋਬਿੰਦ ਰਾਏ,

ਅੱਜ ਤੋਂ ਹਿੰਦੋਸਤਾਨ ਹਾਂ।

ਮੇਰੀਆਂ ਨਾੜਾਂ 'ਚ ਖੌਲੇ,

ਖੂਨ ਭਾਰਤ ਵਰਸ਼ ਦਾ।

ਗਿਆ ਦੌਰ ਹੁਣ,

ਇਸ ਦੇਸ਼ ਵਿੱਚ ਸੰਘਰਸ਼ ਦਾ।

ਹੁਣ ਫ਼ਕੀਰੀ ਜ਼ੁਲਮ ਦੀ,

ਛਾਂ ਹੇਠ ਪਲ ਸਕਦੀ ਨਹੀਂ।

ਧਰਤ ਮਾਤਾ ਹੁਣ ਗੁਲਾਮੀ,

ਭਾਰ ਝਲ ਸਕਦੀ ਨਹੀਂ।

ਹੁਣ ਨਚਾਵਾਂਗਾ ਮੈਂ ਏਥੇ,

ਲਿਸ਼ਕਦੀ ਤਲਵਾਰ ਨੂੰ

ਫਿਰ ਖਿੜਾਵਾਂਗਾ ਮੈਂ ਇਸ,

ਉਜੜੀ ਹੋਈ ਗੁਲਜ਼ਾਰ ਨੂੰ

ਫਿਰ ਕੋਈ ਮਜ਼ਲੂਮ ਬਣ ਕੇ,

ਰੋਏਗਾ ਨਾ ਭਾਰਤੀ।

ਸ਼ਸਤਰਾਂ ਦੇ ਨਾਲ ਕਰਨੀ

ਮੈਂ ਵਤਨ ਦੀ ਆਰਤੀ।

ਕੌਣ ਮੇਰੀ ਸਾਧਨਾ ਨੂੰ,

ਭੰਗ ਕਰਦੈ ਆਣ ਕੇ।

ਕੌਣ ਮੇਰੀ ਧਰਤ ਮਾਂ ਨੂੰ,

ਤੰਗ ਕਰਦੈ ਆਣ ਕੇ।

ਬਿਜਲੀਆਂ ਦੀ ਹਿੱਕ ਤੇ,

ਇਸਦਾ ਬਨਾਣੈ ਆਲ੍ਹਣਾ।

ਹੁਣ ਮੈਂ ਇਸਦੀ ਕੁੱਖ ਵਿੱਚ,

"ਤੂਫ਼ਾਨ" ਕੋਈ ਪਾਲਣਾ।

ਦੇ ਗਿਆ ਇਸ ਦੇਸ਼ ਨੂੰ,

ਸੰਦੇਸ਼ ਕਲਗੀ ਵਾਲੜਾ।

ਦੇਸ਼ ਦਾ ਰਖਵਾਲੜਾ,

ਦਸ਼ਮੇਸ਼ ਕਲਗੀ ਵਾਲੜਾ।

ਫਿਰ ਕੋਈ ਕਸ਼ਮੀਰ ਨੂੰ,

ਸੀ ਅੱਗ ਲਾਣੀ ਲੋਚਦਾ।

ਬਰਫ਼ ਉੱਤੇ ਕਾਮ ਦੀ,

ਭੱਠੀ ਬਨਾਣੀ ਲੋਚਦਾ।

ਨੈੱਟ ਤੇਰੇ ਬਾਜ ਵਾਂਗੂ,

ਚੜ੍ਹ ਗਏ ਅਸਮਾਨ ਤੇ।

ਲੂਹ ਕੇ ਰੱਖ ਦਿੱਤੇ ਜਿਨ੍ਹਾਂ,

ਆਲ੍ਹਣੇ ਸ਼ੈਤਾਨ ਦੇ।

ਪੁੱਛ ਲੈ ਬੰਦੂਕ ਤੋਂ ਜਾਂ,

ਪੁੱਛ ਲੈ ਤਲਵਾਰ ਤੋਂ।

ਗੂੰਜਦੀ ਅਮਰ ਗਾਥਾ,

ਪੁੱਛ ਲੈ ਸੰਸਾਰ ਤੋਂ।

ਬੰਬ ਸੀਨੇ ਨਾਲ ਲਾ ਕੇ,

ਟੈਕਾਂ ਥੱਲੇ ਵੜ ਗਏ।

ਫਿਰ ਤੇਰੇ ਅਜੀਤ ਤੇ,

ਜੁਝਾਰ ਕਿਤਨੇ ਲੜ ਗਏ।

ਕੇਸਰੀ ਝੰਡਾ ਸਜਾਇਆ,

ਜਿਸ ਨੇ ਹਾਜੀ ਪੀਰ ਤੇ।

ਦੇਸ਼ ਤੇਰਾ ਮਾਣ ਕਰਦੈ,

ਇਸ ਤੇਰੀ ਸ਼ਮਸ਼ੀਰ ਤੇ।

📝 ਸੋਧ ਲਈ ਭੇਜੋ