ਸ਼ਰਮ-ਹਿਆ ਤੇ ਅਣਖ ਏ ਸਾਡੇ

ਸ਼ਰਮ-ਹਿਆ ਤੇ ਅਣਖ ਏ ਸਾਡੇ ਦੇਸ ਦੀ ਧੀ ਦਾ ਗਹਿਣਾ ।

ਧੁੱਪਾਂ, ਝੱਖੜ, ਮੀਂਹ, ਹਨੇਰੀ, ਸਭ ਕੁਝ ਸਿਰ ਤੇ ਸਹਿਣਾ ।

ਸਿਰ ਤੇ ਜਿਹੜੀ ਪੈ ਜਾਂਦੀ ਏ ਆਪੇ ਸਹਿਣੀ ਪੈਂਦੀ,

ਗਲੀਆਂ ਦੇ ਵਿਚ ਰੁਲਦੀਆਂ ਰਹਿੰਦੀਆਂ ਵੀਰਾਂ ਬਾਝੋਂ ਭੈਣਾਂ ।

ਸਿਰ ਤੇ ਰਾਜ ਤੇ ਤਾਜ ਜ਼ਮਾਨੇ ਨਿਉਂ ਨਿਉਂ ਹੋਣ ਸਲਾਮਾਂ,

ਝੁੱਲੀ ਹੋਈ ਹਨੇਰੀ ਦੇ ਵਿਚ ਕੋਈ ਨਾ ਮੰਨਦਾ ਕਹਿਣਾ ।

ਵਰਦੇ ਬਣ ਕੇ ਵਿਕ ਜਾਂਦੇ ਨੇ ਯੂਸਫ਼ ਵਰਗੇ ਸੋਹਣੇ,

ਮੁੱਲ ਵੀ ਪੈਂਦਾ ਇੱਕੋ ਅੱਟੀ ਤੇਰਾ ਮੁੱਲ ਕੀ ਪੈਣਾ ।

ਸਾਂਝੀ ਇੱਜ਼ਤ, ਉਲਫ਼ਤ 'ਆਸਿਮ' ਸਾਡੇ ਪਿੰਡ ਗਿਰਾਂ ਸੀ,

ਹੁਣ ਤੇ ਸਾਰ ਗੁਆਂਢੀ ਦੀ ਏ ਨਾ ਕੁਝ ਦੇਣਾ ਲੈਣਾ ।

📝 ਸੋਧ ਲਈ ਭੇਜੋ