ਕਸ਼ਮਕਸ਼ ਏ ਜਿੰਦਗੀ ਕਿੰਨੀ ਅਜੀਬ ਹੈ,

ਪਹਿਚਾਣ ਨਹੀਂ ਪਾਇਆ ਮੈਂ, ਉਹ ਰਕੀਬ ਹੈ ਜਾਂ ਤਬੀਬ ਹੈ।

"ਮੰਡੇਰ" ਉਸਨੂੰ ਲੱਭਣ ਚ ਜਿੰਦਗੀ ਨਿਕਲ ਗਈ,

ਜਿਸਨੂੰ ਲੋਕੀ ਕਹਿੰਦੇ ਨੇ ਕਿ ਸਾਹਾਂ ਦੇ ਕਰੀਬ ਹੈ ।

***

ਸਾਡੇ ਰੋਜ਼ ਨਰਾਤੇ, ਰੋਜ਼ੇ, ਫੇਰ ਨਾ ਰੱਬ ਪਤੀਜੇ, ਖਾਲੀ ਗੀਝੇ ।

ਨੌਕਰੀਆਂ ਨੂੰ  ਕੋਟੇ ਖਾ ਗਏ, ਸਿਆਸਤ ਭਾਈ ਭਤੀਜੇ, ਦੱਸ ਕੀ ਕੀਜੇ?

***

ਇੱਕ ਚਿੱਟੇ ਨੇ ਖਾਈ ਜਵਾਨੀ, ਦੂਜੇ ਨੇ ਕਿਰਸਾਨੀ, ਬਹੁਤੀ ਹਾਨੀ ।

ਦੁੱਧਾਂ ਦੇ ਵਿੱਚ ਯੂਰੀਆ ਵੜ ਗਈ, ਕੈਂਸਰ ਵਾਲੇ ਪਾਣੀ, ਚੀਜ਼ ਕੀ ਖਾਣੀ?

***

ਧਰਮਾਂ ਦੇ ਨਾਂ ਤੇ ਖੁੱਲ ਗਏ ਧੰਦੇ, ਜੀਕਣ ਵਿੱਚ ਬਜ਼ਾਰਾਂ, ਹੋਗੀਆਂ ਹਾਰਾਂ ।

ਪੰਥ ਦੇ ਨਾਂ ਤੇ ਨਿੱਜੀ ਫ਼ਤਵੇ, ਦੇ ਦਿੱਤੇ ਜੱਕੇਦਾਰਾਂ, ਵਿੱਚ ਹੰਕਾਰਾਂ ॥

***

ਸੱਸਾ ਸੁਪਨੇ ਵਰਗੀ ਹਸਤੀ

ਸੱਸੇ ਤੋਂ ਸੰਸਾਰ ।

ਸੱਸਾ ਸਬਰ ਨਾ ਹਾਲੇ ਸਿੱਖਿਆ,

ਸੱਚ ਨਾਮ ਕਰਤਾਰ ।

***

ਤਮੰਨਾਵਾਂ ਦਾ ਲੈ ਕੇ ਤੱਤਾ,

ਤਪਦਾ ਬਾਰੰਮਬਾਰ ।

ਤੁਕਬੰਦੀ, ਇਹ ਬੋਲ ਤੋਤਲੇ,

ਤੂੰ ਹੀ ਦੇ ਆਧਾਰ ।

***

ਬੱਬਾ ਬਿਰਹਾ ਨਾਮ 'ਚ ਬੈਠਾ,

ਜਨਮ ਤੋ ਕੁੰਡਲੀ ਮਾਰ ।

ਬਹੁਤ ਲੰਮੇਰੇ, ਬਿਖੜੇ, ਬੇਲੇ,

ਬਲ ਬਲ ਰਿਹਾ ਗੁਜ਼ਾਰ ।

***

ਰਾਰਾ ਰੱਬ ਹੁਣ ਰਜ਼ਾ ਸਿਖਾਵੇ,

ਨਾਲ ਰਬਾਬਾਂ ਰਾਗ ।

'ਸਤਿਬੀਰ' ਤੋਂ ਕੱਲੇ ਪਹੁੰਚ ਨੀ ਹੋਣਾ,

ਆਪੇ ਲਈ ਉਧਾਰ । ।

***

📝 ਸੋਧ ਲਈ ਭੇਜੋ