ਸ਼ਰਮਾਇਆ, ਫਿਰ ਮਹਿਕਿਆ ਹਰਿਆ ਭਰਿਆ ਖੇਤ।
ਜਦ ਮੈਂ ਉਸਨੂੰ ਆਖਿਆ ਗੋਰੇ ਥਲ ਦੀ ਰੇਤ।
ਦਰਦ ਮਹਾਜਨ ਵਾਂਗਰਾਂ ਬੂਹੇ ਆਣ ਖੜ੍ਹਾ,
ਪਲ ’ਚ ਪਰਾਏ ਹੋ ਗਏ ਮੇਰੇ ਫੱਗਣ ਚੇਤ।
ਦਿਨ ਢਲਦੇ ਦੇ ਨਾਲ ਹੀ ਮੋਹ ਹੋਏ ਸਭ ਭੰਗ,
ਕਿੰਨੇ ਪੰਛੀ ਉਡ ਗਏ ਤੇਰੇ ਇਸ਼ਕ ਸਮੇਤ।
ਤੂੰ ਖ਼ੁਦ ਸੰਦਲੀ ਹਰਫ਼ ਸਨ ਪੱਤਰ ਵਿਚ ਲਿਖੇ,
ਪੌਣਾਂ ਕੋਲੋਂ ਰੱਖਦਾ ਕਿੱਦਾਂ ਸਾਂਭਕੇ ਭੇਤ।
ਗਲ ਲੱਗ ਮੋਗੇ ਸ਼ਹਿਰ ਦੇ ਨਾ ਤੂੰ ਐਨਾ ਰੋ,
ਤੁਰ ਜਾਣਾ ਹੈ ਹਰ ਕਿਸੇ ‘ਅਜਮੇਰ’ ਅਗੇਤ-ਪਛੇਤ।