ਇਸ ਸੁੱਕੇ ਸ਼ਹੁ ਦੇ ਪਾਰ ਮਿਰੇ, 

ਪਏ ਵਾਜਾਂ ਮਾਰਨ ਯਾਰ ਮਿਰੇ।

ਕੁਝ ਬਾਕੀ ਅਜੇ ਫ਼ਕੀਰ ਦਾ ਹੈ, 

ਲਹੂ-ਰੰਗੇ ਅਜੇ ਬਾਜ਼ਾਰ ਮਿਰੇ। 

ਕਿਉਂ ਲੱਗਿਉਂ ਮੁਨਕਰ ਹੋਵਨ ਤੂੰ ? 

ਅਜੇ ਜ਼ਾਮਨ ਲੱਖ ਹਜ਼ਾਰ ਮਿਰੇ।

ਤੂੰ ਜਦੋਂ ਬੁਲਾਵੇਂ ਯਾਦ ਕਰੀਂ : 

ਕੁਝ ਨਾਲ ਜ਼ਿਮੀਂ ਇਕਰਾਰ ਮਿਰੇ।

ਜੱਗ ਦੱਸਦਾ ਰੁਲਿਆ ਰਾਹ ਸਾਡਾ, 

ਕਿਸੇ ਗਹਿਰ 'ਚ ਹਫਦੇ ਬਾਰ ਮਿਰੇ।

ਰੱਬ ਕੂਕ ਮਿਰੀ ਨੂੰ ਠੱਲ੍ਹ ਲੈਂਦਾ, 

ਕਿਉਂ ਜ਼ਖ਼ਮ ਖੜ੍ਹੇ ਵਿਚਕਾਰ ਮਿਰੇ ?

ਕਿਉਂ ਮਿਹਰ ਤੇਰੀ ਦੋ ਬੋਲ ਬਿਨਾਂ, 

ਉੱਡ ਖੁੱਭਦੀ ਸੀਨੇ ਦਾਰ ਮਿਰੇ !

ਅਜੇ ਪੈੜ ਤੇਰੀ ਦੇ ਹੇਠਾਂ ਕੁਝ, 

ਰੰਗ ਬੋਲ ਤੇਰੇ ਤੋਂ ਪਾਰ ਮਿਰੇ।

ਰਗ ਬੰਨ੍ਹੀ ਵਿਚ ਉਜਾੜਾਂ ਦੇ, 

ਹੱਥ ਫੈਲੇ ਵਿਚ ਗ਼ੁਬਾਰ ਮਿਰੇ। 

ਚਾਅ ਮੈਨੂੰ ਸਫ਼ਰ ਮੁਕਾਵਣ ਦਾ, 

ਮੈਂ ਸੁਣਾਂ ਦੀਦ ਦੁਸ਼ਵਾਰ ਮਿਰੇ। 

ਔਹ ਖ਼ਾਨਗਾਹਾਂ 'ਤੇ ਦੀਵਾ ਹੈ, 

ਕੋਈ ਮੁੜਿਆ ਰੰਗ ਖਿਲਾਰ ਮਿਰੇ।

ਹਾਂ, ਬੋਲ ਗੁਨਾਹ ਦਾ ਆਖ਼ਿਰ 'ਤੇ ! 

ਹਾਂ, ਸੁਪਨਾ ਮਿਹਰ ਦਾ ਬਾਰ ਮਿਰੇ। 

ਮੈਂ ਮੁੜ ਦਰਿਆ ਨੂੰ ਮਿਲ ਪੈਣਾ, 

ਖੰਭ ਖੰਭ 'ਤੇ ਲਹੂ ਉਡਾਰ ਮਿਰੇ।

ਇਹ ਰਾਹ ਗੁਮਨਾਮ ਵੀ ਅੱਪਣਾ ਹੈ,

ਅੱਜ ਰੋਕ ਲਵੇਂ ਜੇ ਯਾਰ ਮਿਰੇ।

ਹੱਸ ਛੱਡਿਆ ਗ਼ੈਬ ਦੇ ਦਾਮਨ ਨੂੰ,

ਇਹ ਨੈਣ ਬਣੇ ਅਸਵਾਰ ਮਿਰੇ।

ਜੇ ਸਿਖਰ ਤੇਰੀ 'ਤੇ ਤੂੰ ਹੀ ਹੈਂ, 

ਇਸ ਕਿਣਕੇ ਨਾਲ ਉਧਾਰ ਮਿਰੇ। 

ਜਾਂ ਤੇਗ ਮਿਰੀ ਦਾ ਹੌਕਾ ਹੈ, 

ਜਾਂ ਅਰਜ਼ਾਂ ਕਰਨ ਮਜ਼ਾਰ ਮਿਰੇ। 

ਕੁਝ ਅਰਜ਼ ਮਿਰੀ ਦਾ ਨੂਰ ਅਜੇ, 

ਕੁਝ ਅਜੇ ਗਵਾਹ ਦਿਲਦਾਰ ਮਿਰੇ। 

ਥਲ ਘੇਰੇ ਕਿਵੇਂ ਜ਼ੰਜੀਰ ਕੋਈ ? 

ਪਿਆ ਸੁਣਾਂ ਜਨੂੰ 'ਤੇ ਭਾਰ ਮਿਰੇ। 

ਛੱਡ ਤੁਰਿਆ ਸ਼ੁਤਰ-ਸੁਆਰ ਜਦੋਂ, 

ਚੰਨ ਚਮਕੇ ਬੇ-ਇਖਤਿਆਰ ਮਿਰੇ। 

ਜਦ ਅੰਧ-ਗੁਬਾਰ 'ਚ ਬੋਲ ਪਿਆ, 

ਆ ਗੋਰਖ ਖੜੇ ਦੁਆਰ ਮਿਰੇ। 

ਮੈਂ ਕਿਸਨੂੰ ਜਾ ਫ਼ਰਿਆਦ ਕਰਾਂ ? 

ਥਲ ਗਏ ਜਨੂੰ ਤੋਂ ਹਾਰ ਮਿਰੇ !

ਜਦ ਚੁੱਪ ਤੇਰੀ ਮੈਂ ਫੈਲ ਗਿਆ, 

ਰੁੱਖ ਬੂਟ ਹੋ ਜਾਸਨ ਖੁਆਰ ਮਿਰੇ !

📝 ਸੋਧ ਲਈ ਭੇਜੋ