ਸ਼ੌਕ ਦੀ ਮਸਤੀ ਦੇ ਵਿਚ ਛਾਣੀ, ਇਕ-ਇਕ ਗੁੱਠ ਜ਼ਮਾਨੇ ਦੀ ।
ਓੜਕ ਤੇਰੇ ਹੁਸਨ ਤੇ ਹੋਈ, ਅੰਤ ਅਖ਼ੀਰ 'ਫ਼ਸਾਨੇ ਦੀ ।
ਗੁੱਝੀਆਂ ਪੀੜਾਂ ਦੇ ਕੇ ਪੁੱਛੇਂ, ਹਾਲ ਨਿਮਾਣੇ ਲੋਕਾਂ ਦਾ,
ਕੀਹਦੇ ਕੋਲੋਂ ਸਿੱਖੀ ਏ ਤੂੰ, ਅਟਕਲ ਰੂਪ ਵਟਾਣੇ ਦੀ ।
ਜ਼ਿੱਦਲ ਸੱਜਣਾ! ਆਪਣੀਆਂ ਸੋਚਾਂ ਵਿਚ ਤੂੰ ਕੁੱਝ ਤਰਮੀਮਾਂ ਕਰ,
ਮੈਨੂੰ ਭੁੱਲ ਜਾਵੇ ਨਾ ਆਦਤ, ਰਾਹ ਵਿਚ ਨੈਣ ਵਿਛਾਣੇ ਦੀ ।
ਅਣਖ਼ਾਂ ਦੀ ਤੱਕੜੀ ਤੇ ਮੈਨੂੰ, ਜ਼ਿਹਨ ਬਜ਼ਾਰੀ ਨਾਲ ਨਾ ਤੋਲ,
ਸ਼ੀਸ਼ ਝੁਕਾਣ ਤੋਂ ਵੱਧ ਏ ਮੈਨੂੰ, ਆਦਤ ਸ਼ੀਸ਼ ਕਟਾਣੇ ਦੀ ।
ਕਿਸਰਾਂ ਮੇਰੇ ਹੋਠਾਂ ਚੋਂ ਫੁੱਲ ਹਾਸਿਆਂ ਦੇ ਝੜ ਸਕਦੇ ਨੇ,
ਮੈਨੂੰ ਫਿਕਰ ਏ ਫੇਰ ਅੱਜ'ਅਸਗ਼ਰ' ਗ਼ਮ ਦੀ ਸ਼ਾਮ ਮਨਾਣੇ ਦੀ ।