ਸ਼ੌਕ ਦਾ ਹਾਥੀ

ਸ਼ੌਕ ਦਾ ਹਾਥੀ ਮਰਾਤਿਬ ਖ਼ੋਰ ਹੈ । 

ਦਿਲ ਮਹਾਵਤ ਹੈ ਮਗਰ ਕਮਜ਼ੋਰ ਹੈ।

ਇਹ ਧੁੰਧਲਕਾ ਸ਼ਾਮ ਦਾ ਹੈ ਬਦਹਵਾਸ, 

ਰਿਹਾ ਹੈ ਕੌਣ ਕਿਸ ਦਾ ਸ਼ੋਰ ਹੈ।

ਜ਼ਿੰਦਗੀ ਹੈ ਯਾ ਕਿ ਬਾਬੁਲ ਦੇ ਮੀਨਾਰ, 

ਇਹ ਬਲਾ ਕਿਸ ਮਨਚਲੇ ਦੀ ਗੋਰ ਹੈ।

ਜ਼ਿੰਦਗੀ ਨੇ ਜੋ ਵਿਖਾਏ ਸਬਜ਼ ਬਾਗ, 

ਉਹ ਹਨੇਰਾ ਉਹ ਉਜਾਲਾ ਹੋਰ ਹੈ।

ਇਕ ਭੁਲੇਖਾ ਨੂਰ ਦਾ ਤੇ ਨਾਰ ਦਾ, 

ਨਾ ਕੋਈ ਦਰਵੇਸ਼ ਹੈ ਨਾ ਚੋਰ ਹੈ

ਝੂਮਦਾ ਤੇ ਮੇਲਦਾ ਇਕ ਨਾਗ ਵੀ 

ਪੈਲ ਪਾਂਦਾ ਝੂਰਦਾ ਇਕ ਮੋਰ ਹੈ

ਮੇਰਿਆਂ ਹੱਥਾਂ 'ਚ ਹੈ ਕਿਸ ਦਾ ਸਿਰਾ, 

ਕਿਸ ਦਿਆਂ ਹੱਥਾਂ 'ਚ ਮੇਰੀ ਡੋਰ ਹੈ।

📝 ਸੋਧ ਲਈ ਭੇਜੋ