ਇਸ਼ਕ ਪੁਛੇਂਦਾ ਦੱਸ ਨੀ ਜਿੰਦੇ
ਕੀਕਣ ਦਿਹੁੰ ਗੁਜ਼ਾਰੇ ?
ਜਿੰਦ ਕਹੇ "ਮੈਂ ਸੁਪਨੇ ਤੇਰੇ
ਮਹਿੰਦੀ ਨਾਲ ਸ਼ਿੰਗਾਰੇ ।"
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ
ਕੀਕਣ ਨੈਣ ਰੋਵੰਦੇ ?
ਜਿੰਦ ਕਹੇ "ਮੈਂ ਲੱਖਾਂ ਤਾਰੇ
ਜ਼ੁਲਫ਼ ਤੇਰੀ ਵਿਚ ਗੁੰਦੇ ।"
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ
ਕੀਕਣ ਬਲੇ ਸਵਾਈ ?
ਜਿੰਦ ਕਹੇ "ਮੈਂ ਆਤਸ਼ ਤੇਰੀ
ਪੱਛੀ ਹੇਠ ਲੁਕਾਈ ।"
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ
ਕੀਕਣ ਵਰ੍ਹੇ ਬਿਤਾਏ ?
ਜਿੰਦ ਕਹੇ "ਮੈਂ ਸ਼ੌਕ ਤੇਰੇ ਨੂੰ
ਸੂਲਾਂ ਦੇ ਵੇਸ ਹੰਢਾਏ ।"
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ
ਘਾਉ ਕਹੇ ਕੁ ਚੰਗੇ ?
ਜਿੰਦ ਕਹੇ "ਮੈਂ ਰੱਤ ਜਿਗਰ ਦੀ
ਸਗਣਾਂ ਦੇ ਸਾਲੂ ਰੰਗੇ ।"
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ
ਕਰਮ ਕਹੇ ਕੁ ਕੀਤੇ ?
ਜਿੰਦ ਕਹੇ "ਤੇਰੀ ਸ਼ੌਕ ਸੁਰਾਹੀਓਂ
ਦੁੱਖਾਂ ਦੇ ਦਾਰੂ ਪੀਤੇ ।"
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ
ਕੀਕਣ ਉਮਰਾ ਬੀਤੀ ?
ਜਿੰਦ ਕਹੇ "ਮੈਂ ਨਾਮ ਤੇਰੇ ਤੋਂ
ਸਦ ਕੁਰਬਾਨੇ ਕੀਤੀ ।"
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ
ਆਸ਼ਕ ਦਾ ਕੀ ਕਹਿਣਾ?
ਜਿੰਦ ਕਹੇ "ਤੇਰਾ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ ।"