ਪਿਆਰ ਕਰੀਏ

ਫੁੱਲਾਂ ਨੂੰ

ਮਾਂ ਦੀਆਂ ਦੁੱਧਲ ਛਾਤੀਆਂ ਨੂੰ

ਕਿ ਬੰਦੇ ਦੀ ਹਯਾਤੀ, 

ਇਨ੍ਹਾਂ ਚਸ਼ਮਿਆਂ ਦੇ ਰਸ ਨਾਲ਼ 

ਜੁੜੀ ਹੋਈ

ਕੂਲੀਆ ਜਵਾਨ ਬਾਹਾਂ  ਨੂੰ

ਬਾਲ ਦੇ ਕੂਲੇ ਰੇਸ਼ਮੀ ਹੱਥਾਂ ਨੂੰ

ਕਣਕ ਦੇ ਜਵਾਨ ਸਿੱਟਿਆਂ ਨੂੰ

ਪਿਆਰ ਕਰੀਏ

ਥਾਂ ਥਾਂ ਪਾਟੀ ਹੋਈ, 

ਲੂਸੀ ਹੋਈ, ਵੰਡੀ ਹੋਈ ਧਰਤੀ ਨੂੰ

ਅਮਨ ਦੀ ਕਿਤਾਬ ਨੂੰ

ਜਿਹੜੀ ਵਰਕਾ ਵਰਕਾ ਉੱਧੜਦੀ ਪਈ

ਨਾਰੀ ਦੇ ਸਾਗਰ ਪਿੰਡੇ ਨੂੰ

ਵੈਰਾਗ ਨੂੰ, ਰਾਗ ਨੂੰ

ਸਮੁੰਦਰ ਦੇ ਝੱਲ ਪੁਣੇ ਨੂੰ

ਸੱਚ ਦੇ ਕਾਲੇ ਚਿਹਰੇ ਨੂੰ

ਹੋਂਠਾਂ ਦੇ ਪਾਟੇ ਕਾਗਤ ਨੂੰ

ਕਲਮ ਦੀ ਤਿੱਖੀ ਮੁਸਕਾਨ ਨੂੰ

ਉਹਨੂੰ ਮੌਤ ਦੀ ਸਜ਼ਾ ਸੁਣਾਈ ਗਈ

ਤੇ ਉਹ ਆਪਣੀ ਸੱਜਰੀ ਕਵਿਤਾ ਗੁਣਗੁਣਾ ਰਿਹਾ

ਗਾ ਰਿਹਾ, ਗਾਈ ਜਾ ਰਿਹਾ।

📝 ਸੋਧ ਲਈ ਭੇਜੋ