ਸ਼ਾਇਰ ਝੀਲ ਕਿਨਾਰੇ ਆਇਆ ਸ਼ਾਮ ਢਲੇ।
ਲਹਿਰਾਂ ਲਹਿਰੀ ਯਾਦ ਕਰਾਇਆ ਸ਼ਾਮ ਢਲੇ।
ਸਰਘੀ, ਸੁਬ੍ਹਾ, ਦੁਪਹਿਰਾਂ ਦਾ ਜੋ ਰਾਜ਼ ਕਹੇ,
ਜੇ ਕੁਝ ਸਮਝ ‘ਚ ਆਇਆ, ਆਇਆ ਸ਼ਾਮ ਢਲੇ।
ਮਨ ਦੇ ਅੰਬਰੋਂ ਅਥਰੇ ਅਥਰੂ ਬਰਸ ਪਏ,
ਬਿਰਹਾ ਨੇ ਜਾਂ ਸੋਰਠ ਗਾਇਆ ਸ਼ਾਮ ਢਲੇ।
ਕਾਦ੍ਹਾ ਸਿ਼ਕਵਾ ਰਿਸ਼ਤਿਆਂ ਨੇ ਜੇ ਮੂੰਹ ਮੋੜ ਲਏ,
ਕਿਰ ਕਿਰ ਆਖੇ ਅਪਣੀ ਕਾਇਆ ਸ਼ਾਮ ਢਲੇ।
ਜ਼ਖਮੀ ਮਮਤਾ ਤਾਂਈਂ ਰੋਜ਼ ਕਚਹਿਰੀ ਨੇ,
ਲਾਰਾ ਵੀ ਜੇ ਲਾਇਆ, ਲਾਇਆ ਸ਼ਾਮ ਢਲੇ।
ਖੁਦ ਨੂੰ ਜੋ ਲਾਸਾਨੀ ਸਮਝਣ ਸਿਖਰ ਸਮੇਂ,
ਕਹਿੰਦੇ ਸੁਣਿਆਂ, ‘ਰੱਬ ਦੀ ਮਾਇਆ’ ਸ਼ਾਮ ਢਲੇ।
ਤੌਬਾ ਧਰੀ ਧਰਾਈ ਰਹਿ ਗਈ ਸ਼ਾਇਰ ਦੀ,
ਲਹਿਰਾਂ ਨੇ ਉਹ ਜਾਮ ਬਣਾਇਆ ਸ਼ਾਮ ਢਲੇ।
ਬਰਖਾ ਜ਼ੋਰੀਂ, ਬਿਖਮ ਡਗਰ, ਤਨ ਤਾਣ ਨਹੀਂ,
ਉਪਰੋਂ ਤਾਂਘਾਂ ਜ਼ੋਰ ਵਧਾਇਆ ਸ਼ਾਮ ਢਲੇ।
ਐ ਸ਼ਾਇਰ! ਤੂੰ ਕਿਹੜੇ ਬਾਗ਼ ਦੀ ਮੂਲੀ ਏਂ,
ਸੂਰਜ ਨੇ ਵੀ ਸੀਸ ਨਿਵਾਇਆ ਸ਼ਾਮ ਢਲੇ।
ਕਾਦ੍ਹਾ ਕਿਸੇ ‘ਤੇ ਸਿ਼ਕਵਾ ਜੇ ਖੁਦ ਸੂਰਜ ਨੇ,
ਕਿਰਨਾਂ ਹੱਥ ਕਸ਼ਕੋਲ ਫੜਾਇਆ ਸ਼ਾਮ ਢਲੇ।