ਲੋਕੀ ਅਕਸਰ ਪੁੱਛਦੇ,ਸ਼ਾਇਰਾਂ ਨੂੰ ਸਵਾਲ

ਦੱਸੋ ਕੀ ਹੋ ਲੱਭਦੇ, ਕੀ ਰਹੇ ਹੋ ਭਾਂਲ?

ਕਿਹੜੀ ਖੱਟੀ ਖੱਟਦੇ, ਕੈਸਾ ਇਹ ਵਿਓਪਾਰ 

ਪੜ੍ਹਨਾ ਲਿਖਣਾ ਜਾਪਦਾ, ਸਾਨੂੰ ਤਾਂ ਦੁਸ਼ਵਾਰ

ਮਸਾਂ ਸਕੂਲੋਂ ਛੁੱਟਿਆ, ਸਾਡਾ ਖਹਿੜਾ ਯਾਰ

ਕਿਤਾਬ ਕਬਾੜੀ ਵੇਚ ਕੇ ਪੈਸੇ ਵੱਟੇ ਚਾਰ

ਚੰਬੜੇ ਨਾਲ ਕਲਮ ਦੇ, ਲਿਖਦੇ ਕੀ ਕਲਾਮ?

ਦੱਸ ਓਇ ਸ਼ਾਇਰ ਦੋਸਤਾ, ਤੂੰ ਕਾਹਤੋਂ ਬਦਨਾਮ?

ਕਮਲ਼ੇ ਲੋਕ ਜਾਣਦੇ, ਉਲਝੇ ਵਿਚ ਸਵਾਲ

ਕਲਮ ਦੇ ਰਾਹੀ ਮਸਤ ਨੇ, ਤੁਰਦੇ ਆਪਣੀ ਚਾਲ

ਐਸੇ ਅੱਥਰੇ ਵੇਗ ਇਹ, ਕਿਤੋਂ ਮਿਲਦੇ ਮੁੱਲ

ਮਨ ਦੇ ਵਿਹੜੇ ਖਿੜਦੇ, ਰੰਗ ਬਰੰਗੇ ਫੁੱਲ 

ਸ਼ਾਇਰ ਜਿੱਥੇ ਬੈਠਦੇ, ਮਿਲਕੇ ‘ਕੱਠੇ ਚਾਰ

ਉਹ ਵਿਹੜਾ ਮਹਿਕਣ ਲਗਦਾ, ਖਿੜਦੀ ਹੋਰ ਬਹਾਰ

ਸ਼ਮੀ ਆਖੇ ਦੋਸਤੋ, ਕਰਨੇ ਕੀ ਤਕਰਾਰ 

ਮਨ ਦੀ ਮੌਜ ਕਮਾਲ ਹੈ, ਜੋ ਸਿਖਾਏ ਪਿਆਰ

📝 ਸੋਧ ਲਈ ਭੇਜੋ