ਸ਼ੀਨ-ਸ਼ਰ੍ਹਾ ਮੁੱਲਾਂ ਪੜ੍ਹਦਿਆ ਨੀਂਗਰਾ ਵੇ

ਸ਼ੀਨ-ਸ਼ਰ੍ਹਾ ਮੁੱਲਾਂ ਪੜ੍ਹਦਿਆ ਨੀਂਗਰਾ ਵੇ,

ਕੇਹਾ ਕਥਨੀ ਕਹਾਨੀ ਮਤਾਲਾ, ਕਰ ।

ਜ਼ਰਬਨ ਜ਼ੈਦਨ ਉਮਰਨ ਸੁਣ,

ਤੇਰੀ ਉਮਰ ਵਿਹਾਨੀ ਮਤਾਲਾ, ਕਰ ।

'ਅਲ ਕਲਮਤੁ ਲਫਜੁ ਵਜ਼ਾਅਅਲ ਮਅਨੀ

ਫਰਦ ਮਆਨੀ ਮਤਾਲਾ, ਕਰ ।

ਹੋਵੇ ਹਾਸਲ ਹਸੂਲ ਜੇ ਤੂੰ ਨ,

ਅਪਣੀ ਜ਼ਾਤ ਪਛਾਣੀ ਮਤਾਲਾ, ਕਰ ।

ਹੈਦਰ ਤੈਨੂੰ ਇਹ ਕਾਫੀਆਂ ਕਾਫੀ,

ਹੋਵੇ ਅਸਾਨੀ ਮਤਾਲਾ, ਕਰ ।੧੩।

📝 ਸੋਧ ਲਈ ਭੇਜੋ