ਇੱਕ ਦਿਨ ਸ਼ੀਸ਼ਾ ਵੇਖਦਿਆਂ ਮੈਂ

ਆਪਣੇ ਆਪ ਨੂੰ ਤੱਕਿਆ ।

ਸੱਚ ਦਿਖਾਇਆ ਕੱਚ ਦੇ ਟੁੱਕੜੇ

ਉਹਲਾ ਨਾ ਕੁੱਛ ਰੱਖਿਆ ॥

ਸੱਭ ਤੋਂ ਪਹਿਲਾਂ ਸੂਰਤ ਦੇਖੀ

ਲੱਗੀ ਬਹੁਤ ਪਿਆਰੀ ।

ਦੇਖ ਦੇਖ ਮਨ ਨਾ ਭਰਿਆ

ਸਦਕੇ ਜਾਵਾਂ ਬਲਿਹਾਰੀ ॥

ਫਿਰ ਤੱਕਿਆ ਇਨ੍ਹਾਂ ਬੁੱਲ੍ਹੀਆਂ ਨੂੰ

ਦੇਖ ਕੇ ਮਨ ਮੁਸਕਰਾਇਆ ।

ਮੈਂ ਵੀ ਹੱਸਿਆ ਇਹ ਵੀ ਹੱਸੀਆਂ

ਡਾਹਢਾ ਮੈਨੂੰ ਹਸਾਇਆ ॥

ਨਜ਼ਰ ਪਈ ਤਦ ਕਾਲੀਆਂ ਜ਼ੁਲਫ਼ਾਂ

ਸਿਰ ਤੇ ਸੀ ਜੋ ਸਜੀਆਂ ।

ਧੁੱਪ ਲੱਗੇ ਨਾ ਲੱਗੇ ਗਰਮੀ

ਲਾਹੁਣ ਨਜ਼ਰਾਂ ਲੱਗੀਆਂ ॥

ਫਿਰ ਅੱਖੀਆਂ ਨੇ ਅੱਖੀਆਂ ਤੱਕੀਆਂ

ਅੱਖੀਆਂ ਅੱਖਾਂ ਵਿਚ ਖੋਈਆਂ ।

ਅੱਖੀਆਂ ਅੱਖਾਂ ਵਿਚ ਐਸੀਆਂ ਖੋਈਆਂ

ਤੱਕ ਤੱਕ ਕਮਲੀਆਂ ਹੋਈਆਂ ॥

ਸ਼ੀਸ਼ੇ ਮੇਰਾ ਮਨ ਮੋਹ ਲਿਆ

ਸੋਹਣਾ ਰੂਪ ਦਿਖਾਕੇ ।

ਬੇਜ਼ਾਨ ਇਸ ਕੱਚ ਦੇ ਟੁੱਕੜੇ

ਰੱਖ ਤਾ ਮਨ ਭਰਮਾ ਕੇ ॥

ਮਨ ਵਿਚ ਆਈ ਸੋਚ ਮੇਰੇ ਕਿ

ਜੇ ਇਸ ਵਿਚ ਹੁੰਦੀ ਜਾਨ ।

ਰਾਜ ਕਰਦਾ ਸਾਰੇ ਜੱਗ ਤੇ

ਵੱਸ ਵਿਚ ਕਰ ਇਨਸਾਨ ॥

ਜਿਸ ਨੇ ਵੀ ਇਸ ਨੂੰ ਤੱਕਿਆ

ਉਹ ਹੀ ਧੋਖਾ ਖਾਵੇ ।

ਮੋਹ ਮਾਇਆ ਦੇ ਜਾਲ 'ਚ ਫਸ ਕੇ

ਆਪਣਾ ਆਪ ਭੁਲਾਵੇ ॥

ਸਦਕੇ ਜਾਵਾਂ ਉਸ ਹੁੱਨਰ ਦੇ

ਜਿਸ ਨੇ ਇਹ ਬਣਾਇਆ ।

ਪਤਲੇ ਜਿਹੇ ਕੱਚ ਦੇ ਟੁੱਕੜੇ

ਸਾਰਾ ਜਹਾਨ ਸਮਾਇਆ ॥

📝 ਸੋਧ ਲਈ ਭੇਜੋ