ਸ਼ੀਸ਼ੇ ਅੱਗੇ ਜਾ ਬਹਿੰਦਾ ਏ ਚਿਹਰੇ ਨੂੰ ਚਮਕਾਵਣ ਲਈ ।
ਉਮਰਾਂ ਦੇ ਕੁਝ ਸਾਲ ਮਹੀਨੇ ਰੰਗਾਂ ਵਿੱਚ ਲੁਕਾਵਣ ਲਈ ।
ਢੇਰਾਂ ਫੁੱਲ ਖ਼ਰੀਦੇ ਲੋਕਾਂ ਕਬਰਾਂ ਨੂੰ ਮਹਿਕਾਵਣ ਲਈ,
ਮੈਂ ਹੰਝੂਆਂ ਦੇ ਹਾਰ ਪਰੋਏ ਯਾਰਾਂ ਦੇ ਗਲ ਪਾਵਣ ਲਈ ।
ਗ਼ੈਰਾਂ ਦੇ ਹੱਥ ਆਪ ਫੜਾ ਕੇ ਡੋਰੀ ਆਪਣੇ ਲੇਖਾਂ ਦੀ,
ਸੋਚਾਂ ਦੇ ਲੜ ਬੰਨ੍ਹੀ ਰੱਖਾਂ ਆਸਾਂ ਜੀ ਪਰਚਾਵਣ ਲਈ ।
ਜਿਸਮਾਂ ਦੀ ਪਰਵਾਹ ਨਹੀਂ ਰਹਿੰਦੀ ਜੇ ਗੱਲ ਹੋਵੇ ਇੱਜ਼ਤ ਦੀ,
ਸਿਰ ਦਾ ਪਿਆਰ ਭੁਲਾਣਾ ਪੈਂਦਾ ਸਿਰ ਦੀ ਪੱਗ ਬਚਾਵਣ ਲਈ ।
ਰੁੱਖਾਂ ਦੇ ਦਿਲ ਲੀਰਾਂ-ਲੀਰਾਂ ਕਰ ਦਿੰਦੇ ਨੇ ਜ਼ਾਲਮ ਲੋਕ,
ਆਪਣੇ ਘਰ ਵਿਚ ਰੱਖੇ ਹੋਏ ਕੁਝ ਗੁਲਦਾਨ ਸਜਾਵਣ ਲਈ ।
ਪਾਰ ਸਮੁੰਦਰ ਸੌਦੇ ਹੋਵਣ ਸਾਡੀਆਂ ਸੋਹਣੀਆਂ ਜਾਨਾਂ ਦੇ,
ਕਿੰਨੇ ਦਰਦੀ ਕੱਠੇ ਹੁੰਦੇ ਸਾਡਾ ਦਰਦ ਵੰਡਾਵਣ ਲਈ ।
ਉਹਦੇ ਘਰ ਛੱਡਣ ਦੇ ਪਿੱਛੇ ਉਹਦੀਆਂ ਸੌ ਮਜਬੂਰੀਆਂ ਸਨ,
ਲੋੜਾਂ ਨੇ ਰਾਹ ਆਪ ਵਿਖਾਏ ਪਰਦੇਸਾਂ ਨੂੰ ਜਾਵਣ ਲਈ ।