ਆਪਣਾ ਇਹ ਰਿਸ਼ਤਾ
ਬਹੁਤ ਸੂਖ਼ਮ
ਕੱਚ ਦੇ ਮਹਿਲ ਵਰਗਾ
ਜਿਸ ਨੂੰ
ਨਿੱਕੀ ਜਿਹੀ ਰੋੜੀ
ਛੋਟਾ ਜਿਹਾ ਕੰਕਰ
ਕੁਝ ਵੀ
ਟੁਕੜੇ ਟੁਕੜੇ ਕਰ ਸਕਦਾ
ਇਹ ਆਧਾਰਹੀਣ
ਸ਼ੀਸ਼ੇ ਦਾ ਘਰ
ਜੋ ਅਸੀਂ
ਇੱਕ ਸੁਪਨੇ ਦੀ ਰਿਹਾਇਸ਼ ਲਈ
ਸਿਰਜ ਲਿਆ ਸੀ
ਥੋੜੀ ਜਿਹੀ
ਤੇਜ਼ ਹਵਾ ਨਾਲ
ਮੱਥੇ ਦੀ ਨਿੱਕੀ ਜਿੰਨੀ
ਤਿਊੜੀ ਨਾਲ
ਗਲਤ ਫ਼ਹਿਮੀ ਦੀ
ਛੋਟੀ ਜਿਹੀ ਠੋਹਕਰ ਨਾਲ
ਤੇਰੇ ਜਾਂ ਮੇਰੇ
ਕਿਸੇ ਮਾਸੂਮ
ਮਾਮੂਲੀ ਜਿਹੇ ਸ਼ਬਦ ਨਾਲ
ਕਿਸੇ ਵੇਲੇ ਵੀ
ਚੀਣਾ ਚੀਣਾ ਹੋ
ਬਿਖਰ ਸਕਦਾ ਸੀ
ਚੰਗਾ ਹੋਇਆ
ਕਿ ਆਪਾਂ
ਇਸ ਘਰ ਦੀ
ਸਮਰੱਥਾ ਨੂੰ ਜਾਂਚ ਲਿਆ
ਤੇ ਨਕਾਰ ਦਿੱਤਾ
ਮਨ ’ਚ ਤੇਜ਼ੀ ਨਾਲ ਵਧਦੇ
ਸੁਪਨਿਆਂ ਨੂੰ ਵਕਤ ਸਿਰ
ਅਣਿਆਈ ਮੌਤ ਮਾਰ ਦਿੱਤਾ
ਸ਼ਾਇਦ ਠੀਕ ਹੀ ਹੋਇਆ
ਨਾਜ਼ੁਕ ਸ਼ੀਸ਼ੇ ਦੇ ਘਰਾਂ ’ਚ
ਕੋਈ ਕਿੰਨਾ ਕੁ ਚਿਰ
ਵਸ ਸਕਦਾ.....।