ਕਿਸ ਨੇ ਮੇਰੇ ਘਰ ਸ਼ੀਸ਼ੇ ਦੀ ਚੋਗ ਖਿਲਾਰੀ
ਅਜ ਘਰ ਮੁੜਿਆ
ਤਲੀਆਂ ਦੇ ਵਿਚ ਹੰਝੂ ਵਿਲਕ ਪਏ
ਇਸ ਸ਼ੀਸ਼ੇ ਵਿਚ ਮੇਰੇ ਬੱਚੇ ਦੀ ਮੂਰਤ ਸੀ
ਇਕਸੁਰ, ਅਚਲ, ਅਸੀਲ, ਇਕਾਗਰ
ਕੀ ਮੂਰਤ ਵਿਚ ਅੱਭੜਵਾਹੇ-
ਜਾਗੀ ਇਕ ਚੰਗਿਆੜੀ
ਸਾਰਾ ਸ਼ੀਸ਼ਾ ਤਿੜਕ ਗਿਆ
ਚੀਣਾ-ਚੀਣਾ ਭੌਂ ਵਿਚ ਖਿਲਰ ਗਿਆ
ਕਿਹੜੀ ਮੂਰਤ ਸ਼ੀਸ਼ੇ ਅੰਦਰ ਹਰ ਦਮ ਕੈਦ ਰਹੇਗੀ ?
ਕੀ ਇਹ ਸ਼ੀਸ਼ਾ ਹੂੰਝ ਦਿਆਂ ?
ਕੀ ਇਹ ਝਿੰਮਣਾਂ ਨਾਲ ਵੀ ਜੇ ਕਰ ਚੁਗਣਾ ਚਾਹਾਂ -
ਚੁਗ ਸੱਕਾਂਗਾ ?
ਏਥੇ ਸਨ ਦੋ ਬੂਟੇ ਮੇਰੇ
ਇਕ ਬੇਲਾ, ਇਕ ਮਰੂਆ
ਧੀ ਪੁੱਤਰ ਵਾਂਗੂ ਮੈਂ ਅਪਣੇ ਹੱਥੀਂ ਪਾਲੇ
ਹਰਿਆਵਲ ਨੂੰ ਇਹ ਕੈਸੀ ਅੰਗੜਾਈ ਆਈ
ਗਮਲੇ ਤਿੜਕ ਗਏ
ਖੱਖੜੀ ਵਾਂਗੂ ਖੰਡ ਖੰਡ ਹੋ ਭੋਂ 'ਤੇ ਬਿਖਰ ਗਏ
ਬੂਟੇ ਭੋਂ 'ਤੇ ਪਏ ਨਿਮਾਣੇ, ਮਿੱਟੀ ਭੁਰ ਭੁਰ ਜਾਏ
ਹਰਿਆਵਲ ਨੂੰ ਅਗਲਾ ਸਾਹ
ਕੀ ਜਾਣਾ, ਆਏ ਨ ਆਏ ?
ਮਿੱਟੀ ਦੀ ਗਲਵਕੜੀ ਬਾਝੋਂ ਕਿੰਞ ਹਰਿਆਵਲ ਜੀਵੇ
ਇਕ ਗਲਵਕੜੀ ਟੁਟ ਚੁੱਕੀ ਹੈ
ਦੂਜੀ ਕਦੋਂ ਜੁੜੇਗੀ ?