ਬੇਅੰਤ ਖੂਬਸੂਰਤ ਉਹ,
ਹੁਸਨ ਦੀ ਦੁਨੀਆਂ ਦਾ,
ਜੀਂਦਾ-ਜਾਗਦਾ ਖੁਦਾ,
ਜੋ ਵੀ ਰੂਹ ਨਾਲ ਤੱਕਦਾ,
ਅੱਸ-ਅੱਸ ਕਰ ਉੱਠਦਾ,
ਕਸ਼ਮੀਰ ਦੀ ਕੁਦਰਤ ਵੀ,
ਇਸ ਕੁੜੀ ਅੱਗੇ ਬੌਣੀ ਜਾਪਦੀ।
ਸੁਬਾ ਉੱਠਦੀ ਸ਼ੀਸ਼ਾ ਤੱਕਦੀ,
ਨ੍ਹਾ-ਧੋ ਆਉਂਦੀ ਸ਼ੀਸ਼ਾ ਤੱਕਦੀ,
ਤਿਆਰ ਹੋ ਕਾਲਜ ਜਾਂਦੀ,
ਸ਼ੀਸ਼ਾ ਤੱਕ ਕੇ ਜਾਂਦੀ,
ਤੇ ਫਿਰ ਜਦ ਵਾਪਿਸ ਆਉਂਦੀ ਸ਼ੀਸ਼ਾ ਤੱਕਦੀ,
ਪਲ-ਪਲ ਪਿੱਛੋਂ ਸ਼ੀਸ਼ਾ ਤੱਕਦੀ,
ਸ਼ੀਸ਼ਾ ਤੇ ਉਹਦਾ ਚਿਹਰਾ
ਇਕ-ਮਿਕ ਹੋ ਗਏ ਜਾਪਦੇ।
ਪਰ ਇਹ ਖੂਬਸੂਰਤੀ,
ਇੱਕ ਮਨਚਲੇ ਦੀਆਂ ਅੱਖਾਂ ਚ,
ਕਣ ਵਾਂਗ ਰੜਕਦੀ,
ਜਦ ਵੀ ਕਾਲਜ ਆਉਂਦੀ-ਜਾਂਦੀ,
ਉਹ ਮਨਚਲਾ ਰਾਹ ਰੋਕਦਾ,
ਤੇ ਕੁਮੈਂਟੇਬਾਜੀ ਕਰਦਾ,
ਹਬਸ਼ੀ-ਮੁਹੱਬਤ ਦਾ ਇਜਹਾਰ ਕਰਦਾ,
ਤੇ ਇਹ ਕੁੜੀ ਹਰ ਵਾਰ,
ਉਸਨੂੰ ਭੰਡਦੀ-ਦੁਰਕਾਰਦੀ,
'ਬਦਸਕਲ, ਬਦਸੂਰਤ' ਸਬਦਾਂ ਦਾ ਵਾਰ ਕਰਦੀ,
ਇਹ ਸਬਦ ਉਸ ਮਨਚਲੇ ਦੇ ਦਿਲ ਤੇ,
ਮਿਰਚਾਂ ਵਾਂਗ ਲੜਦੇ।
'ਤੇ ਇੱਕ ਦਿਨ,
ਇਹ ਸਬਦਾਂ ਦੀਆਂ ਮਿਰਚਾਂ,
ਤੇਜਾਬ ਬਣ ਗਈਆਂ,
ਤੇ ਉਸ ਕੁੜੀ ਦੇ ਚਿਹਰੇ ਤੇ ਪੈ ਗਈਆਂ,
ਉਸ ਨੇ ਜਦ ਸ਼ੀਸ਼ਾ ਤੱਕਿਆ,
ਤਾਂ ਡਰ ਗਈ, ਠਠੰਬਰ ਗਈ,
ਜਲਿਆ, ਬਦਤਰ ਚਿਹਰਾ ਤੱਕ ਕੇ,
ਤਾਂ ਉਸ ਸ਼ੀਸ਼ਾ ਵਗਾਹ ਮਾਰਿਆ..
ਉਸ ਦਿਨ ਤੋਂ ਬਾਅਦ,
ਕੁੜੀ ਨੇ ਮੁੜ ਕਦੇ ਸ਼ੀਸ਼ਾ ਨਹੀਂ ਤੱਕਿਆ,
ਇੰਝ ਲੱਗੇ ਜਿਵੇਂ ਹੁਣ ਉਹਦਾ,
ਸ਼ੀਸ਼ੇ ਤੋਂ ਡਰਦਾ ਚਿਹਰਾ.. !