ਇਉਂ ਫੁਦਕਣ ਲਗਦੀ ਜਿੰਦ ਸਾਡੀ
ਤੇਰੀ ਸ਼ੀਸ਼ਮਹਿਲ ਮੁਸਕਾਨ ਉੱਤੇ
ਉੱਡੇ ਕਾਗ ਜਿਉਂ ਤੂਤਾਂ ਘੋਨਿਆਂ ਤੋਂ
ਚਿੜੀ ਜ਼ਾਤ ਖੇਡੇ ਸਾਗਵਾਨ ਉੱਤੇ।
ਮੋਰਪੰਖ ਦਾ ਬੂਟੜਾ ਚੌਰ ਕਰੇ
ਹਵਾ ਅੱਥਰੀ ਦੇ ਫ਼ਰਮਾਨ ਉੱਤੇ
ਜਾਂ ਕਿਸੇ ਸ਼ਿਕਾਰੀ ਦਸਤੇ ਨੇ
ਬੋਸਾ ਰੱਖਿਆ ਤੀਰ ਕਮਾਨ ਉੱਤੇ ।
ਹੈ ਮਹਿਕ ਜਿਉਂ ਪੈਂਦਾ ਰੇਤੜ ਵੇ
ਚਹੁੰ ਕਣੀਆਂ ਦੇ ਫੁਸਲਾਣ ਉੱਤੇ
ਜਾਂ ਨੀਂਹਾਂ ਉੱਖੜ ਜਾਂਦੀਆਂ ਨੇ
ਜਿਉਂ ਘੂੰਗਟ ਦੇ ਸਰਕਾਣ ਉੱਤੇ ।
ਜਿਉਂ ਸਹੇ ਨੇ ਛਾਲ਼ ਲਗਾ ਦਿੱਤੀ
ਜੰਗਲ ਦੀ ਕਿਸੇ ਢਲਾਨ ਉੱਤੇ
ਜਾਂ ਬੂਟੀਆਂ ਪਾਉਂਦਾ ਖੂਨ ਜਿਵੇਂ
ਇੱਕ ਯੋਧੇ ਦੀ ਕਿਰਪਾਨ ਉੱਤੇ ।