ਕਾਲਕੋਠੜੀ ਦੇ ਵਿਚ
ਡਕਿਆ ਡਕਿਆ ਸੂਰਜ ਨਿਕਲ ਗਿਆ
ਕੱਲਮੁਕੱਲੀ ਕਾਲਕੋਠੜੀ
'ਵਾਜਾਂ ਮਾਰੇ
ਵੇ ਤੁਰਜਾਣਿਆ ਆ ਜਾ
ਤੇਰੇ ਮਰ ਜਾਵਣ ਦਾ ਵੇਲਾ ਲੰਘ ਨ ਜਾਵੇ
ਕਾਲ ਕੋਠੜੀ ਦੇ ਮੂੰਹ ਉੱਪਰ ਕੱਲਮੁਕੱਲਾ ਤਾਲਾ ਲੱਗਾ
ਸੀਖ਼ਾਂ ਸਿਧੀਆਂ
ਕੰਧਾਂ ਵਿਚ ਮਘੋਰ ਨ ਕੋਈ
ਅੱਗ ਦਾ ਪਰਬਤ ਪਾਣੀ ਬਣ ਕੇ ਸਿੰਮ ਗਿਆ
ਚੜ੍ਹਦੇ ਰੁਖ ਦੀ ਡਾਲ 'ਤੇ ਬੈਠਾ ਸੂਹਾ ਸੂਰਜ
ਲੰਮੇ ਢਾਂਗੇ ਨਾਲ ਛਾਂਗ ਕੇ ਲੈ ਆਏ ਸਾਂ
ਲਹਿੰਦੇ ਘਰ ਵਿਚ
ਫੂਕ ਮਾਰ ਕੇ ਕਿਹਾ : ਸੂਰਜਾ
ਬੀਬਾ ਰਾਣਾ ਬਣ ਕੇ ਬੁਝ ਜਾ
ਜਾਂ ਲਹਿੰਦੇ ਪਾਣੀ ਵਿਚ ਡੁੱਬ ਜਾ
ਚੜ੍ਹਦੇ ਲੋਕਾਂ ਦੇ ਸਿਰ ਉਪਰ
ਸੜਦੀ ਬਲਦੀ ਕਲਗੀ ਬਣ ਕੇ ਬੈਠ ਗਿਆ
ਸਿਰ ਵਢ ਵਢ ਕੇ ਥਕ ਲੱਥੇ ਹਾਂ
ਕਲਗੀ ਵਾਲੇ ਸਿਰ ਮੁੱਕਣ ਵਿਚ ਨਹੀਂ ਆਉਂਦੇ
ਫੇਰ ਅਸਾਂ ਤਹਿਖ਼ਾਨੇ ਵਿਚ ਲੋਕਾਂ ਤੋਂ ਚੋਰੀ
ਸੂਲੀ ਗੱਡੀ
ਤੇ ਸਮਝਾਇਆ
ਬਣ ਕੇ ਦੇਸ ਗ਼ਦਾਰ ਝੂਲ ਜਾ
ਠੰਡੇ ਕਰ ਲੈ ਏਸ ਬਹਾਨੇ ਕੋਲੇ ਅਪਣੇ
ਤਹਿਖ਼ਾਨੇ ਨੂੰ ਸੁੰਨਾ ਛਡ ਕੇ ਦੌੜ ਗਿਆ
ਆਸੇ ਪਾਸੇ ਜੁੜੀ ਭੀੜ 'ਚੋਂ ਲੰਘਦਾ ਲੰਘਦਾ
ਲੀਕ ਅੱਗ ਦੀ ਬਾਲ ਗਿਆ
ਸੁੰਨੀ ਸੂਲੀ ਸਿਰ ਮੰਗਦੀ ਏ
ਆਪੋ ਅਪਣੀ ਫ਼ਿਕਰ ਪਈ ਏ
ਦੱਸੋ ਯਾਰੋ
ਏਸ ਕਬਰ ਦਾ ਕੀ ਕਰੀਏ ?
ਉਸ ਦੀ ਖ਼ਾਤਰ ਪੱਕੇ ਵਿਹੜੇ ਨੂੰ ਪੁਟਵਾ ਕੇ
ਕਬਰ ਬਣਾਈ
ਹਾਏ ਉਹ ਵੀ ਕੰਮ ਨ ਆਈ
ਬਾਹਰ ਖਲੋਤੀ ਭੀੜ ਵੀ ਸਾਨੂੰ ਮੱਤਾਂ ਦੇਵੇ
ਅੱਗ ਦੇ ਦਰਿਆ ਪੰਡ 'ਚ ਬੰਨ੍ਹ ਕੇ
ਤਹਿਖ਼ਾਨੇ ਵਿਚ ਕਿਸ ਰੱਖੇ ਨੇ ?
ਜਿਨ੍ਹਾਂ ਦੇ ਸਿਰ ਕਲਗੀ ਸੂਰਜ ਦੀ ਫਾੜੀ ਦੀ
ਲਹਿੰਦੇ ਘਰ ਵਿਚ ਉਹਨਾਂ ਨੂੰ ਕੀਕਣ ਰੱਖੋਗੇ ?
ਕਬਰਾਂ ਵਿਚ ਸੂਰਜ ਕਦ ਸੁੱਤੇ ?
ਸੁੰਨੀ ਕਬਰ ਅਵਾਜ਼ਾਂ ਦੇਵੇ
ਦੱਸੋ ਯਾਰ
ਏਸ ਕਬਰ ਦਾ ਕੀ ਕਰੀਏ
ਸੁੰਞ ਏਸਦਾ ਕੀਕਣ ਭਰੀਏ ?