ਸ਼ੇਰ ਵਾਲੀ

ਸ਼ੇਰ ਤੋਂ ਉਤਰ ਮਾਂ

ਸ਼ੇਰ ਦੇ ਢਿੱਡ ਵਿਚ ਮੈਂ ਹਾਂ

ਕੁਲ ਦੁਪਹਿਰੇ ਤੂੰ ਅਸ਼ਟਭੁਜੀ

ਬਾਹਾਂ ਪਸਾਰ ਕੇ

ਫੈਲ ਗਈ ਸੈਂ ਜਦੋਂ ਬਲਦੀ ਧੁੱਪ ਬਣ ਕੇ 

ਦੌੜ ਗਏ ਸੀ ਡਰ ਦੇ ਮਾਰੇ

ਰੁੱਖ ਬੂਟੇ ਉਹ ਸਾਰੇ

ਜੋ ਅਸੀਂ ਜੰਗਲ 'ਚੋਂ ਫੜ ਕੇ ਲਿਆਏ ਸਾਂ 

ਤੇ ਬੰਨ੍ਹ ਦਿੱਤੇ ਸੀ ਘਰਾਂ, 

ਸੜਕਾਂ, ਖੇਤਾਂ, ਬੀਆਬਾਨਾਂ ਵਿਚ 

ਪਾਲਤੂ ਪਸ਼ੂਆਂ ਵਾਂਗ

ਕੰਧ ਵਲ ਜਦੋਂ ਵਧਿਆ 

ਮੇਰੇ ਪਹੁੰਚਣ ਤੋਂ ਪਹਿਲਾਂ ਹੀ 

ਖਾ ਗਈ ਕੰਧ ਆਪਣੀ ਛਾਂ 

ਧੁੱਪ ਵਿਚ ਬਹੁਤ ਸੜਿਆ 

ਸ਼ੇਰ ਦੇ ਹੀ ਮੂੰਹ ਅੰਦਰ ਜਾ ਵੜਿਆ

ਦੁਪਹਿਰ ਤੋਂ ਦੁਪਹਿਰ ਤੀਕ 

ਵਿਚ ਕੋਈ ਸ਼ਾਮ ਨਹੀਂ ਰਾਤ ਨਹੀਂ 

ਕਿ ਬਾਹਰ ਆਵਾਂ 

ਅਸ਼ਟਭੁਜੀ ਮਾਂ

ਮੀਟ ਲੈ ਆਪਣੀਆਂ ਅਠ ਮੁਠੀਆਂ 

ਜਿਨ੍ਹਾਂ ਦੀਆਂ ਤਲੀਆਂ ਚੋਂ 

ਬਲਦੀ ਅੱਗ ਸਿੰਮਦੀ

ਸ਼ੇਰ ਤੋਂ ਉਤਰ ਮਾਂ 

ਸ਼ੇਰ ਦੇ ਢਿੱਡ ਵਿਚ ਮੈਂ ਹਾਂ

📝 ਸੋਧ ਲਈ ਭੇਜੋ