ਦਸ ਕੀ ਕਰਾਂ ਸ਼ਿਕਾਰ ਕਿਸੇ ਦਾ

ਮੈਂ ਤਾਂ ਹੋਇਆ ਖੁੱਦ ਸ਼ਿਕਾਰ ।

ਖਾ ਖਾ ਮਾਰ ਘਾਇਲ ਹੋਇਆ

ਫਿਰ ਵੀ ਸਭ ਕੁੱਝ ਰਿਹਾ ਸਹਾਰ ।

ਮਹਿੰਗਾਈ ਮੇਰੀ ਕਮਰ ਜੋ ਤੋੜੀ

ਚੁੱਕਿਆ ਨਾ ਜਾਵੇ ਖੁੱਦ ਦਾ ਭਾਰ ।

ਨਵੇਂ ਨਵੇਂ ਫੈਸ਼ਨ ਨਵਾਂ ਜ਼ਮਾਨਾ

ਸਭ ਦੇ ਨਵੇਂ ਨਵੇਂ ਵਿਚਾਰ ।

ਸੋਨੇ ਦੇ ਭਾਅ ਵਿੱਦਿਆ ਹੋਈ

ਵਿੱਦਿਆ ਦਾ ਉੱਚਾ ਹੋਇਆ ਮਿਆਰ ।

ਬੇਰੁਜ਼ਗਾਰੀ ਮੇਰੇ ਹੱਥ ਪੈਰ ਤੋੜੇ

ਕਿਵੇਂ ਖੜ੍ਹਾਂ ਮੈਂ ਪੈਰਾਂ ਭਾਰ ।

ਇਕ ਨੌਕਰੀ ਲੱਖਾਂ ਕਾਮੇ

ਕੀ ਕਰੇਗਾ ਬੇਰੁਜ਼ਗਾਰ ।

ਪੜ੍ਹ ਲਿਖ ਕੇ ਵੀ ਕੰਮ ਨਾ ਮਿਲਿਆ

ਵਿਚ ਹਨ੍ਹੇਰੇ ਜਾਪੇ ਸੰਸਾਰ ।

ਤਾਕ਼ਤ ਹਿੰਮਤ ਨਸ਼ਿਆਂ ਖਾਦੀ

ਖੋਖਲਾ ਕੀਤਾ ਅਸ਼ਲੀਲ ਨਾਰ ।

ਬਨਾਉਟੀ ਚਮਕ ਉੱਤੇ ਮੈਂ ਡੁੱਲਿਆ

ਚਮਕ ਲਈ ਮੇਰੀ ਖੱਲ ਉਤਾਰ ।

ਇਮਾਨਦਾਰੀ ਦੇ ਬੋਰਡ ਲਗਾਕੇ

ਬੇਈਮਾਨਾਂ ਲੁੱਟਿਆ ਚੂੰਝਾਂ ਮਾਰ ।

ਲੁੱਟਣ 'ਚ ਕਿਸੇ ਵੀ ਕਸਰ ਨਾ ਛੱਡੀ

ਮਿੱਤਰਾਂ ਨੇ ਵੀ ਮਾਰੀ ਮਾਰ ।

ਮਾਰ ਮਾਰ ਛੁਰੀਆਂ ਜਖ਼ਮੀ ਕੀਤਾ

ਕਰਾਂ ਕਿਸੇ ਤੇ ਕੀ ਐਤਵਾਰ ।

ਸੁਰਜੀਤ ਆਖੇ ਪ੍ਰਭ ਨਾਮ ਸੱਚਾ

ਬਾਕੀ ਸਭ ਝੂਠਾ ਸੰਸਾਰ ।

📝 ਸੋਧ ਲਈ ਭੇਜੋ