ਅਸੀਂ ਸ਼ਿਕਾਇਤ ਕਰ ਨਹੀਂ ਸਕਦੇ

ਕੀ ਕਹੀਏ

ਹੁਣ ਕਿਸ ਨੂੰ ਕਹੀਏ

ਤੇਰੇ ਬਾਰੇ

ਕੌਣ ਸੁਣੇਗਾ

ਤੇ ਫਿਰ ਸੁਣ ਕੇ ਕੀ ਆਖੇਗਾ

ਆਪਣਾ ਆਪ ਮਿਟਾ ਕੇ ਆਪਾਂ

ਤੇਰਾ ਰੂਪ ਬਣਾ ਦਿਤਾ ਸੀ

ਤੇਰੀਆਂ ਨਜ਼ਰਾਂ ਥਾਣੀ ਦੁਨੀਆਂ ਦੇਖ ਰਹੇ ਸੀ

ਮਰਜ਼ੀ ਨਾ ਸੀ

ਆਪਣੀ ਕੋਈ

ਭਲੇ ਬੁਰੇ ਦੀ

ਤੇਰੀ ਮਰਜ਼ੀ ਨੂੰ ਕਸਵੱਟੀ ਜਾਣ ਲਿਆ ਸੀ

ਸਾਰੀ ਰਚਨਾ

ਤੇਰੇ ਰੰਗ ਵਿਚ ਰੰਗੀ

(ਪਰ ਇਹ ਰੰਗ ਮਜੀਠ ਨਹੀਂ ਸੀ)

ਸਾਰੇ ਜੱਗ ਦੀ

ਤੇਰੇ ਕੋਲ ਸ਼ਕਾਇਤ ਕੀਤੀ

ਕਿਹੜੇ ਮੂੰਹੋਂ

ਤੇਰੀ ਕਿਤੇ ਸ਼ਕਾਇਤ ਕਰੀਏ

ਤੇਰੀ ਗੱਲ ਕਰਨੀ ਤਾਂ

ਆਪੇ ਆਪਣਾ ਪਾਜ ਖੋਲ੍ਹਣਾ

ਆਪੇ ਅਪਣੀ ਭੰਡੀ ਕਰਨੀ 

ਆਪੇ ਅਪਣੀ ਚੁਗਲੀ ਖਾਣੀ

ਮੇਰਾ ਦੁੱਖ ਤਾਂ ਮੇਰਾ ਦੁੱਖ ਹੈ

ਤੇਰਾ ਵੀ ਜਦ ਨਹੀਂ ਵਾਸਤਾ

ਹੋਰ ਕਿਸੇ ਦਾ ਕੀ ਲੱਗਦਾ ਹੈ

ਦੁੱਖ ਫੋਲਣਾ

ਆਪਣੇ ਦਿਲ ਦੀ ਹੇਠੀ ਕਰਨਾ

ਜਣੇ ਖਣੇ

ਸਭ ਲੋਕ ਨਸੀਹਤਾਂ ਲੈ ਬਹਿੰਦੇ ਨੇ

ਜੋ ਹੋਇਆ ਹੈ

ਸਬਰ ਪਟਾਰੀ ਪਾ ਰੱਖਾਗੇ

ਤੇਰੇ ਤੇ ਇਲਜ਼ਾਮ ਕਦੇ ਵੀ ਧਰ ਨਹੀਂ ਸਕਦੇ 

ਅਸੀਂ ਸ਼ਕਾਇਤ ਕਰ ਨਹੀਂ ਸਕਦੇ।

📝 ਸੋਧ ਲਈ ਭੇਜੋ