ਮਾਏ ! ਨੀ ਮਾਏ !

ਮੈਂ ਇਕ ਸ਼ਿਕਰਾ ਯਾਰ ਬਣਾਇਆ

ਉਹਦੇ ਸਿਰ 'ਤੇ ਕਲਗੀ

ਤੇ ਉਹਦੇ ਪੈਰੀਂ ਝਾਂਜਰ

ਤੇ ਉਹ ਚੋਗ ਚੁਗੀਂਦਾ ਆਇਆ

ਨੀ ਮੈਂ ਵਾਰੀ ਜਾਂ

ਇਕ ਉਹਦੇ ਰੂਪ ਦੀ

ਧੁੱਪ ਤਿਖੇਰੀ

ਦੂਜਾ ਮਹਿਕਾਂ ਦਾ ਤਿਰਹਾਇਆ

ਤੀਜਾ ਉਹਦਾ ਰੰਗ ਗੁਲਾਬੀ

ਕਿਸੇ ਗੋਰੀ ਮਾਂ ਦਾ ਜਾਇਆ

ਨੀ ਮੈਂ ਵਾਰੀ ਜਾਂ

ਨੈਣੀਂ ਉਹਦੇ

ਚੇਤ ਦੀ ਆਥਣ

ਅਤੇ ਜ਼ੁਲਫ਼ੀਂ ਸਾਵਣ ਛਾਇਆ

ਹੋਠਾਂ ਦੇ ਵਿਚ ਕੱਤੇਂ ਦਾ

ਕੋਈ ਦਿਹੁੰ ਚੜ੍ਹਨੇ 'ਤੇ ਆਇਆ

ਨੀ ਮੈਂ ਵਾਰੀ ਜਾਂ

ਸਾਹਵਾਂ ਦੇ ਵਿਚ

ਫੁੱਲ ਸੋਇਆਂ ਦੇ

ਕਿਸੇ ਬਾਗ਼ ਚਾਨਣ ਦਾ ਲਾਇਆ

ਦੇਹੀ ਦੇ ਵਿਚ ਖੇਡੇ ਚੇਤਰ

ਇਤਰਾਂ ਨਾਲ ਨੁਹਾਇਆ

ਨੀ ਮੈਂ ਵਾਰੀ ਜਾਂ

ਬੋਲਾਂ ਦੇ ਵਿਚ

ਪੌਣ ਪੁਰੇ ਦੀ

ਨੀ ਉਹ ਕੋਇਲਾਂ ਦਾ ਹਮਸਾਇਆ

ਚਿੱਟੇ ਦੰਦ ਜਿਉਂ ਧਾਨੋਂ ਬਗ਼ਲਾ

ਤੌੜੀ ਮਾਰ ਉਡਾਇਆ

ਨੀ ਮੈਂ ਵਾਰੀ ਜਾਂ

ਇਸ਼ਕੇ ਦਾ

ਇਕ ਪਲੰਘ ਨੁਆਰੀ

ਅਸਾਂ ਚਾਨਣੀਆਂ ਵਿਚ ਡਾਹਿਆ

ਤਨ ਦੀ ਚਾਦਰ ਹੋ ਗਈ ਮੈਲੀ

ਉਸ ਪੈਰ ਜਾਂ ਪਲੰਘੇ ਪਾਇਆ

ਨੀ ਮੈਂ ਵਾਰੀ ਜਾਂ

ਦੁਖਣ ਮੇਰੇ

ਨੈਣਾਂ ਦੇ ਕੋਏ

ਵਿਚ ਹੜ੍ਹ ਹੰਝੂਆਂ ਦਾ ਆਇਆ

ਸਾਰੀ ਰਾਤ ਗਈ ਵਿਚ ਸੋਚਾਂ

ਉਸ ਇਹ ਕੀ ਜ਼ੁਲਮ ਕਮਾਇਆ

ਨੀ ਮੈਂ ਵਾਰੀ ਜਾਂ

ਸੁਬ੍ਹਾ-ਸਵੇਰੇ

ਲੈ ਨੀ ਵਟਣਾ

ਅਸਾਂ ਮਲ ਮਲ ਓਸ ਨੁਹਾਇਆ

ਦੇਹੀ ਵਿਚੋਂ ਨਿਕਲਣ ਚਿਣਗਾਂ

ਤੇ ਸਾਡਾ ਹੱਥ ਗਿਆ ਕੁਮਲਾਇਆ

ਨੀ ਮੈਂ ਵਾਰੀ ਜਾਂ

ਚੂਰੀ ਕੁੱਟਾਂ

ਤੇ ਉਹ ਖਾਂਦਾ ਨਾਹੀਂ

ਉਹਨੂੰ ਦਿਲ ਦਾ ਮਾਸ ਖਵਾਇਆ

ਇਕ ਉਡਾਰੀ ਐਸੀ ਮਾਰੀ

ਉਹ ਮੁੜ ਵਤਨੀਂ ਨਹੀਂ ਆਇਆ

ਨੀ ਮੈਂ ਵਾਰੀ ਜਾਂ

ਮਾਏ ! ਨੀ ਮਾਏ !

ਮੈਂ ਇਕ ਸ਼ਿਕਰਾ ਯਾਰ ਬਣਾਇਆ

ਉਹਦੇ ਸਿਰ 'ਤੇ ਕਲਗੀ

ਤੇ ਉਹਦੇ ਪੈਰੀਂ ਝਾਂਜਰ

ਤੇ ਉਹ ਚੋਗ ਚੁਗੀਂਦਾ ਆਇਆ

ਨੀ ਮੈਂ ਵਾਰੀ ਜਾਂ

📝 ਸੋਧ ਲਈ ਭੇਜੋ