ਸ਼ਿਕਵਾ ਮੇਰੇ ਨਾਲ ਤੁਸੀਂ ਸੌ ਵਾਰ ਕਰੋ
ਐਪਰ ਕੁਝ ਤਾਂ ਮੇਰੇ ' ਤੇ ਇਤਬਾਰ ਕਰੋ
ਮੈਂ ਕਦ ਕਹਿੰਦਾ ਹਾਂ ਪੂਰਾ ਇਕਰਾਰ ਕਰੋ
ਪਰ ਚਾਹੁੰਦਾ ਹਾਂ ਪੂਰਾ ਨਾ ਇਨਕਾਰ ਕਰੋ
ਜਾਂ ਤਾਂ ਸਿਰ ਦੀ ਸੋਭਾ ਦਾ ਸਤਿਕਾਰ ਕਰੋ
ਜਾਂ ਫਿਰ ਲਾਂਭੇ ਕਲਗ਼ੀ ਤੇ ਦਸਤਾਰ ਕਰੋ
ਜਾਂ ਅੱਖਾਂ ਨੂੰ ਆਖੋ ਨਾ ਸੁਪਨੇ ਵੇਖਣ
ਜਾਂ ਫਿਰ ਹਰ ਇਕ ਸੁਪਨੇ ਨੂੰ ਸਾਕਾਰ ਕਰੋ
ਸ਼ਬਦਾਂ ਦੀ ਜੇ ਏਨੀ ਪੂਜਾ ਕਰਦੇ ਹੋ
ਓਹਨਾਂ ਦੇ ਅਰਥਾਂ ਦਾ ਵੀ ਸਤਿਕਾਰ ਕਰੋ
ਧਰਤੀ ਪੂਜਣ ਦੀ ਚਿੰਤਾ ਨੂੰ ਛੱਡੋ ਹੁਣ
ਓਬੜ ਖਾਬੜ ਧਰਤੀ ਨੂੰ ਹਮਵਾਰ ਕਰੋ
ਉਮਰ ‘ ਸੁਰਿੰਦਰ ’ ਬੀਤੀ ਵਿਚ ਖ਼ਾਮੋਸ਼ੀ ਦੇ
ਹੁਣ ਤਾਂ ਮੇਰੇ ਹੋਠੋਂ ਕੁਝ ਇਜ਼ਹਾਰ ਕਰੋ