ਰਿਆਸਤ ਦੇ ਹਸਤਨਾਪੁਰ ‘ਤੇ
ਕਾਬਜ਼ ਰਹਿਣ ਲਈ
ਹਰ ਯੁੱਗ ਵਿੱਚ
ਸ਼ਕੁਨੀ- ਸਿਆਸਤ ਦੀ
ਚੌਪਟ ਖੇਡੀ ਜਾਂਦੀ ਹੈ
ਨਿੱਤ ਨਵੇਂ ਕਲਸ਼ੇਤਰ* ਬਣਦੇ ਨੇ
ਮਹਾਭਾਰਤ ਰਚੇ ਜਾਂਦੇ ਨੇ
ਕੌਰਵਾਂ ਪਾਂਡਵਾਂ ਦੇ ਸਿਰਫ਼
ਸਰੂਪ ਹੀ ਬਦਲਦੇ ਨੇ
ਜਨਤਾ ਦਰੋਪਦੀ ਵਾਂਗ
ਬਿਨ ਕੀਤੇ ਗੁਨਾਹ ਦੀ ਸਜ਼ਾ ਪਾਉਂਦੀ ਹੈ
ਰਿਆਸਤ ਤੇ ਕਾਬਜ਼ ਰਹਿਣ ਲਈ
ਇਹ ਸ਼ਕੁਨੀ-ਸਿਆਸਤ ਦੀ ਖੇਡ
ਅੱਜ ਵੀ ਖੇਡੀ ਜਾ ਰਹੀ ਹੈ
ਇਸ ਖੇਡ ਵਿੱਚ ਗੀਟੀਆਂ ਕਦੇ
ਹਿੰਦੂਆਂ , ਕਦੇ ਮੁਸਲਿਮਾਂ
ਕਦੇ ਦਲਿਤਾਂ ਤੇ ਸਿੱਖਾਂ ਦੇ
ਸਿਰ ਹੁੰਦੇ ਨੇ
ਗਾਂ ਦੀ ਪੂਛ
ਸੂਰ ਦਾ ਮਾਸ
ਮੰਦਰ ਮਸਜਦ
ਧਰਮ ਗ੍ਰੰਥਾਂ ਦੀਆਂ ਬੇਅਦਬੀਆਂ
ਅਸਲੇ ਬਰੂਦ ਨਾਲ਼
ਪਵਾਇਆ ਜਾਂਦਾ ਖੌਰੂ ਖ਼ਰੂਦ
ਸਭ ਸ਼ਕੁਨੀ-ਸਿਆਸਤ ਦੀਆਂ ਹੀ ਚਾਲਾਂ ਨੇ
ਰਿਆਸਤ ਦੇ ਹਸਤਨਾਪੁਰ ਤੇ ਕਾਬਜ਼ ਰਹਿਣ ਲਈ।